ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ 15 ਗ਼ੈਰ-ਸਰਕਾਰੀ ਮੈਂਬਰਾਂ ਦੀ ਨਵੀਂ ਸੂਚੀ ਜਾਰੀ
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਘੱਟ ਗਿਣਤੀਆਂ ਦੇ ਧਾਰਮਿਕ ਪੂਜਾ ਅਸਥਾਨਾਂ, ਗੁਰਦੁਆਰਿਆਂ ਤੇ ਹੋਰ ਜਾਇਦਾਦਾਂ ਦੀ ਦੇਖ-ਰੇਖ ਕਰਨ ਵਾਲੇ ਅਦਾਰੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ.
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਵਲੋਂ ਘੱਟ ਗਿਣਤੀਆਂ ਦੇ ਧਾਰਮਿਕ ਪੂਜਾ ਅਸਥਾਨਾਂ, ਗੁਰਦੁਆਰਿਆਂ ਤੇ ਹੋਰ ਜਾਇਦਾਦਾਂ ਦੀ ਦੇਖ-ਰੇਖ ਕਰਨ ਵਾਲੇ ਅਦਾਰੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਗ਼ੈਰ-ਸਰਕਾਰੀ ਮੈਂਬਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ । ਜਾਰੀ ਕੀਤੀ ਗਈ ਸੂਚੀ ਅਨੁਸਾਰ ਬੋਰਡ ’ਚ ਵੱਖ-ਵੱਖ ਸੂਬਿਆਂ ਤੋਂ ਸਿੱਖ, ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਕੁੱਲ 15 ਮੈਂਬਰ ਸ਼ਾਮਿਲ ਕੀਤੇ ਗਏ ਹਨ । ਇਨ੍ਹਾਂ ’ਚ 6 ਸਿੱਖ, 4 ਹਿੰਦੂ ਅਤੇ 5 ਮੁਸਲਿਮ ਮੈਂਬਰ ਸ਼ਾਮਿਲ ਹਨ, ਜਿਨ੍ਹਾਂ ਨੂੰ ਪੰਜਾਬ, ਸਿੰਧ ਅਤੇ ਖ਼ੈਬਰ ਪਖ਼ਤੂਨਖ਼ਵਾ ਸੂਬਿਆਂ ਤੋਂ ਨਾਮਜ਼ਦ ਕੀਤਾ ਗਿਆ ਹੈ । ਖ਼ਾਸ ਗੱਲ ਇਹ ਹੈ ਕਿ ਇਸ ‘ਚ ਮਹਿਲਾ ਨੁਮਾਇੰਦਿਆਂ ਨੂੰ ਵੀ ਅਹਿਮ ਥਾਂ ਦਿੱਤੀ ਗਈ ਹੈ । ਨਾਮਜ਼ਦ ਕੀਤੇ ਗਏ ਗ਼ੈਰ-ਸਰਕਾਰੀ ਸਿੱਖ ਮੈਂਬਰਾਂ ’ਚ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਭਰਾ ਇੰਦਰਜੀਤ ਸਿੰਘ ਅਰੋੜਾ, ਡਾ. ਮਿਮਪਾਲ ਸਿੰਘ, ਸੁਰਜੀਤ ਸਿੰਘ ਕੰਵਲ ਤੇ ਸਤਵੰਤ ਕੌਰ ਨੂੰ ਪੰਜਾਬ, ਤਾਰਾ ਸਿੰਘ ਨੂੰ ਸਿੰਧ, ਮਨਮੀਤ ਕੌਰ ਮਿਸ਼ਾਲ ਜਾਵੇਦ ਨੂੰ ਖ਼ੈਬਰ ਪਖ਼ਤੂਨਖ਼ਵਾ, ਹਿੰਦੂ ਭਾਈਚਾਰੇ ’ਚੋਂ ਕ੍ਰਿਸ਼ਨ ਸ਼ਰਮਾ, ਡਾ. ਸਵੀਰਾ ਪ੍ਰਕਾਸ਼, ਅਜੇ ਕੁਮਾਰ, ਮਿਸ ਲੀਲਾ ਉਰਫ਼ ਕਲਪਨਾ ਤੇ ਮੁਸਲਿਮ ਭਾਈਚਾਰੇ ’ਚੋਂ ਇਜ਼ਹਾਰ-ਉਲ-ਹਸਨ, ਬ੍ਰਿਗੇਡੀਅਰ ਖ਼ਾਲਿਦ ਸਿੱਦੀਕ (ਸੇਵਾਮੁਕਤ), ਇਖ਼ਤਿਆਰ ਵਲੀ ਖ਼ਾਨ, ਐਡਵੋਕੇਟ ਅਲੀ ਰਜ਼ਾ ਅਤੇ ਮੀਸਾਕ ਆਰਿਫ਼ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਗ਼ੈਰ-ਸਰਕਾਰੀ ਮੈਂਬਰ ਬੋਰਡ ਦੀਆਂ ਮੀਟਿੰਗਾਂ ਦੌਰਾਨ ਪਾਕਿ ’ਚ ਗੁਰਦੁਆਰਿਆਂ, ਮੰਦਰਾਂ ਤੇ ਇਵੈਕੂਈ ਜਾਇਦਾਦਾਂ ਦੇ ਪ੍ਰਬੰਧ, ਸਾਂਭ-ਸੰਭਾਲ ਤੇ ਵਿਕਾਸ ਸੰਬੰਧੀ ਨੀਤੀਆਂ ’ਚ ਆਪਣੇ-ਆਪਣੇ ਖੇਤਰਾਂ ਤੇ ਭਾਈਚਾਰਿਆਂ ਦੀ ਨੁਮਾਇੰਦਗੀ ਕਰਨਗੇ।