ਲੁਧਿਆਣਾ ਰਜਿਸਟਰੀ ਘੁਟਾਲਾ ਸੰਬੰਧੀ 950 ਮਾਮਲਿਆਂ ’ਚ ਤੁਰੰਤ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ
ਚੰਡੀਗੜ੍ਹ, 16 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਲੁਧਿਆਣਾ ’ਚ ਜ਼ਮੀਨਾਂ ਦੀਆਂ ਰਜਿਸਟਰੀਆਂ ਦੌਰਾਨ ਸਟੈਂਪ ਡਿਊਟੀ ਅਤੇ ਸੈਸ ਨਾਲ ਸੰਬੰਧਿਤ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ 950 ਰਜਿਸਟਰੀਆਂ ਦੇ ਸੰਬੰਧ ’ਚ ਤੁਰੰਤ ਐਫ਼. ਆਈ.
ਚੰਡੀਗੜ੍ਹ, 16 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਲੁਧਿਆਣਾ ’ਚ ਜ਼ਮੀਨਾਂ ਦੀਆਂ ਰਜਿਸਟਰੀਆਂ ਦੌਰਾਨ ਸਟੈਂਪ ਡਿਊਟੀ ਅਤੇ ਸੈਸ ਨਾਲ ਸੰਬੰਧਿਤ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ 950 ਰਜਿਸਟਰੀਆਂ ਦੇ ਸੰਬੰਧ ’ਚ ਤੁਰੰਤ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹਲਫ਼ਨਾਮਾ ਦਾਇਰ ਕਰਕੇ ਦੱਸਿਆ ਕਿ ਸਾਲ 2013 ਤੋਂ 2016 ਦਰਮਿਆਨ ਹੋਈਆਂ 2,36,851 ਰਜਿਸਟਰੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ 5,659 ਰਜਿਸਟਰੀਆਂ ਵਿਚ ਪਹਿਲੀ ਨਜ਼ਰੇ ਸਟੈਂਪ ਡਿਊਟੀ ਘੱਟ ਅਦਾ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਸੁਣਵਾਈ ਦੌਰਾਨ ਲੁਧਿਆਣਾ ਦੀ ਉਪ ਮੰਡਲ ਮੈਜਿਸਟ੍ਰੇਟ ਜਸਲੀਨ ਕੌਰ ਭੁੱਲਰ ਅਦਾਲਤ ਵਿਚ ਮੌਜੂਦ ਸਨ। ਕਾਰਵਾਈ ਦੌਰਾਨ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਉਨ੍ਹਾਂ ਨੂੰ 950 ਰਜਿਸਟਰੀਆਂ ਦੇ ਮਾਮਲੇ ਵਿਚ ਤੁਰੰਤ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮਾਂ ਬਾਰੇ ਜਾਣਕਾਰੀ ਦਿੱਤੀ। ਸਰਕਾਰ ਵਲੋਂ ਅਦਾਲਤ ’ਚ ਪੇਸ਼ ਕੀਤੇ ਹਲਫ਼ਨਾਮੇ ਅਨੁਸਾਰ, 4,162 ਰਜਿਸਟਰੀਆਂ ਵਿਚ ਇਕ ਫ਼ੀਸਦੀ ਸੈੱਸ ਨਾਲ ਸੰਬੰਧਿਤ ਜਾਂਚ ਹਾਲੇ ਪੂਰੀ ਨਹੀਂ ਹੋਈ, ਇਸ ਸਬੰਧੀ ਕਾਰਵਾਈ ਜਾਰੀ ਹੈ। ਇਸ ਤੋਂ ਇਲਾਵਾ 1,035 ਰਜਿਸਟਰੀਆਂ ਅਗਲੀ ਕਾਰਵਾਈ ਲਈ ਵਧੀਕ ਡਿਪਟੀ ਕਮਿਸ਼ਨਰ ਕੋਲ ਭੇਜੀਆਂ ਗਈਆਂ ਹਨ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਦੋ ਹੋਰ ਐਫ਼.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ।