ਮਾਨਸਾ ਮੋਰਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ, ਸੰਘਰਸ਼ ਨੂੰ ਅੱਗੇ ਵਧਾਵਾਂਗੇ-ਅਜੇਪਾਲ ਸਿੰਘ ਬਰਾੜ
ਚੰਡੀਗੜ੍ਹ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਵੱਖ-ਵੱਖ ਸਮਾਜਿਕ, ਕਿਸਾਨ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ।
ਚੰਡੀਗੜ੍ਹ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਵੱਖ-ਵੱਖ ਸਮਾਜਿਕ, ਕਿਸਾਨ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਪੰਜਾਬ ਸਰਕਾਰ ਦੀ ਕਾਰਵਾਈ ’ਤੇ ਸਵਾਲ ਉਠਾਉਂਦਿਆਂ ਦੋਵਾਂ ਆਗੂਆਂ ਦੀ ਰਿਹਾਈ ਅਤੇ ਮਾਮਲਿਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਗ੍ਰਿਫ਼ਤਾਰੀਆਂ ਨਾਲ ਮਾਨਸਾ ਮੋਰਚੇ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਐਲਾਨ ਕੀਤਾ ਕਿ ਸੰਘਰਸ਼ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖਿਆ ਜਾਵੇਗਾ ਤੇ 5 ਨਵੰਬਰ ਦੇ ਪਹਿਲਾਂ ਐਲਾਨੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਵਫ਼ਦ ਜਲਦ ਰਾਜਪਾਲ ਨੂੰ ਮਿਲ ਕੇ ਮੰਗ ਪੱਤਰ ਦੇਵੇਗਾ । ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਸਰਕਾਰ ਦੀ ਆਲੋਚਨਾ ਕਰਨਾ, ਕਾਲੇ ਝੰਡੇ ਦਿਖਾਉਣਾ ਤੇ ਪੀੜਤ ਪਰਿਵਾਰਾਂ ਲਈ ਇਨਸਾਫ਼ ਮੰਗਣਾ ਲੋਕਤੰਤਰੀ ਅਧਿਕਾਰ ਹਨ। ਉਨ੍ਹਾਂ ਲੱਖਾ ਸਿਧਾਣਾ ਵਿਰੁੱਧ ਦਰਜ ਐੱਫ.ਆਈ.ਆਰ ’ਤੇ ਸਵਾਲ ਚੁੱਕੇ ਤੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਸਮੇਤ ਖਰੜ ਵਿਚ ਡਰੱਗ ਇੰਸਪੈਕਟਰ ਦੇ ਕਤਲ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਉਨ੍ਹਾਂ ਪੁਲਿਸ ਹਿਰਾਸਤ ਵਿਚ ਨਾਬਾਲਗ ਬੱਚੇ ਬਾਰੇ ਵੀ ਚਿੰਤਾ ਜਤਾਈ। ਇਸ ਮੌਕੇ ਲੱਖਾ ਸਿਧਾਣਾ ਦੀ ਮਾਤਾ ਹਰਬੰਸ ਕੌਰ ਨੇ ਪਰਿਵਾਰ ਦੀ ਸੁਰੱਖਿਆ ਮੁੜ ਬਹਾਲ ਕਰਨ ਦੀ ਮੰਗ ਕੀਤੀ । ਰੋਮਨ ਬਰਾੜ ਨੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਰੋਕਣ ਤੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਪਰਿਵਾਰਾਂ ਤੇ ਵਕੀਲਾਂ ਨਾਲ ਸੰਪਰਕ ਦੀ ਸਹੂਲਤ ਦੇਣ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਪੰਜਾਬੀਆਂ ਨੂੰ ਲੱਖਾ ਸਿਧਾਣਾ, ਮੋਹਨਜੀਤ ਸਿੰਘ ਸ਼ੇਰੋਂ, ਆਕਾਸ਼ਦੀਪ ਸਿੰਘ ਫੂਲ, ਪਰਵਿੰਦਰ ਸਿੰਘ ਝੋਟਾ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹਨ ਦੀ ਅਪੀਲ ਕੀਤੀ । ਇਸ ਮੌਕੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ, ਸਾਂਝਾ ਮੋਰਚਾ ਜ਼ੀਰਾ, ਸ੍ਰੀ ਚਮਕੌਰ ਸਾਹਿਬ ਮੋਰਚਾ, ਕਾਲੇ ਪਾਣੀ ਦਾ ਮੋਰਚਾ, ਟੀਮ ਲੱਖੇ ਸਿਧਾਣੇ ਅਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਦੇ ਨੁਮਾਇੰਦੇ ਵੀ ਮੌਜੂਦ ਸਨ।