ਗੁਰਦੁਆਰਿਆਂ ’ਤੇ ਹਮਲਿਆਂ ਬਾਰੇ ਅਮਰੀਕੀ ਕਮਿਸ਼ਨ ਦੀਆਂ ਟਿੱਪਣੀਆਂ ਨੂੰ ਭਾਰਤ ਨੇ ਦੱਸਿਆ ਪੱਖਪਾਤੀ ਤੇ ਸਿਆਸਤ ਤੋਂ ਪ੍ਰੇਰਿਤ
ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਭਾਰਤ ਨੇ ਅਮਰੀਕੀ ਕਮਿਸ਼ਨ ਫਾਰ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ (ਯੂ. ਐੱਸ.
ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਭਾਰਤ ਨੇ ਅਮਰੀਕੀ ਕਮਿਸ਼ਨ ਫਾਰ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ (ਯੂ. ਐੱਸ. ਸੀ. ਆਈ. ਆਰ. ਐੱਫ.) ਦੀਆਂ ਉਨ੍ਹਾਂ ਟਿੱਪਣੀਆਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ, ਜਿਨ੍ਹਾਂ ’ਚ ਭਾਰਤ ’ਚ ਗੁਰਦੁਆਰਿਆਂ ’ਤੇ ਹਮਲਿਆਂ ਦਾ ਦੋਸ਼ ਲਗਾਇਆ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਮਿਸ਼ਨ ਨੂੰ ਪੱਖਪਾਤੀ ਤੇ ਸਪੱਸ਼ਟ ਤੌਰ ’ਤੇ ਸਿਆਸੀ ਏਜੰਡੇ ਤੋਂ ਪ੍ਰੇਰਿਤ ਸੰਸਥਾ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਕਮਿਸ਼ਨ ਗ਼ਲਤ ਜਾਣਕਾਰੀ ਦੇ ਆਧਾਰ ’ਤੇ ਟਿੱਪਣੀਆਂ ਕਰਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਕਮਿਸ਼ਨ ਅਮਰੀਕਾ ’ਚ ਧਾਰਮਿਕ ਸਥਾਨਾਂ ’ਤੇ ਹੋ ਰਹੇ ਹਮਲਿਆਂ ਤੇ ਭਾਰਤੀ ਭਾਈਚਾਰੇ ਵਿਰੁੱਧ ਨਸਲੀ ਵਿਤਕਰੇ ਤੇ ਨਫ਼ਰਤੀ ਅਪਰਾਧਾਂ ਬਾਰੇ ਚੁੱਪ ਕਿਉਂ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕਮਿਸ਼ਨ ਦੇ ਦੋ ਸੀਨੀਅਰ ਅਧਿਕਾਰੀਆਂ ਡੇਵਿਡ ਐਂਡਰਸਨ ਤੇ ਜੋਅ ਗਰੋਗਨ ਨੇ ਭਾਰਤ ’ਚ ਗੁਰਦੁਆਰਿਆਂ ’ਤੇ ਹਮਲਿਆਂ ਦਾ ਦਾਅਵਾ ਕਰਦਿਆਂ ਅਮਰੀਕੀ ਸਰਕਾਰ ਨੂੰ ਭਾਰਤ ’ਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਦਬਾਅ ਪਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਹਨ। ਇਸ ਤੋਂ ਪਹਿਲਾਂ ਅਗਸਤ ’ਚ ਵੀ ਯੂ.ਐੱਸ.ਸੀ.ਆਈ.ਆਰ.ਐੱਫ. ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ’ਤੇ ਪਾਬੰਦੀਆਂ ਲਗਾਉਣ ਤੇ ਇਸ ਦੇ ਆਗੂਆਂ ਨੂੰ ਕੂਟਨੀਤਕ ਸਹੂਲਤਾਂ ਨਾ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਭਾਰਤ ਨੇ ਸਖ਼ਤੀ ਨਾਲ ਰੱਦ ਕਰ ਦਿੱਤਾ ਸੀ।
ਪੰਨੂ ਵਲੋਂ ਦਾਇਰ ਮੁਕੱਦਮਾ ਮਨਘੜਤ ਤੇ ਬਦਨੀਅਤ ਭਰਿਆ-ਭਾਰਤ
ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਭਾਰਤ ਨੇ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵਲੋਂ ਕੌਮੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਤੇ ਸਾਬਕਾ ਰਾਅ ਮੁਖੀ ਸਮੰਤ ਗੋਇਲ ਖ਼ਿਲਾਫ਼ ਅਮਰੀਕੀ ਅਦਾਲਤ ’ਚ ਦਾਇਰ ਮੁਕੱਦਮੇ ਨੂੰ ਮਨਘੜਤ ਤੇ ਬਦਨੀਅਤ ਭਰਿਆ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਆਪਣੇ ਉੱਚ-ਅਧਿਕਾਰੀਆਂ ਖ਼ਿਲਾਫ਼ ਬੇਬੁਨਿਆਦ ਦੋਸ਼ਾਂ ਤੇ ਫ਼ਜ਼ੂਲ ਮੁਕੱਦਮਿਆਂ ਨੂੰ ਸਵੀਕਾਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਭਾਰਤ ’ਚ ਅਦਾਲਤੀ ਸੰਮਨਾਂ ਦੀ ਤਾਮੀਲ ਸਿਰਫ਼ ਕਾਨੂੰਨ ਤੇ ਨਿਆਂ ਮੰਤਰਾਲੇ ਰਾਹੀਂ ਹੀ ਹੋ ਸਕਦੀ ਹੈ। ਪੰਨੂ ਨੇ ਕਥਿਤ ਹੱਤਿਆ ਦੀ ਸਾਜ਼ਿਸ਼ ਦਾ ਦੋਸ਼ ਲਾਉਂਦਿਆਂ ਅਮਰੀਕੀ ਅਦਾਲਤ ’ਚ ਮੁਆਵਜ਼ੇ ਦੀ ਮੰਗ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ 9 ਅਕਤੂਬਰ ਨੂੰ ਭਾਰਤੀ ਦੂਤਘਰ ਨੂੰ ਸੰਮਨ ਸੌਂਪੇ ਸਨ।