ਮੋਗਾ, 6 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਵਲੋਂ ਮੋਗਾ ਆਸ਼ਰਮ ਦੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ | ਸਮਾਗਮ ਦੀ ਸ਼ੁਰੂਆਤ ਰਸਭਿੰਨੀ ਬਾਣੀ ਦੇ ਦੁਆਰਾ ਕੀਤੀ ਗਈ | ਸੰਗਤ ਨੂੰ ਦੱਸਦੇ ਹੋਏ ਦਿਵਿਆ ਗੁਰੂ ਸ੍ਰੀ ਆਸ਼ੂਤੋਸ਼ ਦੀ ਸ਼ਿਸ਼ ਸਾਧਵੀ ਸਿਪਰਾਂ ਭਾਰਤੀ ਨੇ ਕਿਹਾ ਕਿ ਕਿ ਸਦੀਆਂ ਤੋਂ ਜ਼ੁਲਮ ਦੇ ਪੈਰਾਂ ਹੇਠ ਲਤਾੜੇ ਇਸ ਧਰਤੀ ਦੀ ਪੁਕਾਰ ਉਸ ਦਤਾਰ ਪ੍ਰਭੂ ਨੇ ਸੁਣੀ ਅਤੇ ਅਜਿਹੇ ਕਾਮਿਲ ਪੁਰਸ਼ ਨੂੰ ਸੰਸਾਰ 'ਤੇ ਭੇਜਿਆ, ਜਿਨ੍ਹਾਂ ਨੇ ਇਨਸਾਨ ਦੀ ਸੁੱਤੀ ਹੋਈ ਗ਼ੈਰਤ ਨੂੰ ਆਪਣੇ ਬੁਲੰਦ ਆਵਾਜ਼ ਨਾਲ ਜਗਾਇਆ ਅਤੇ ਆਪਣੇ ਅਧਿਆਤਮਿਕ ਖ਼ਜ਼ਾਨੇ ਨਾਲ ਮਾਲੋਂ੍ਹ ਮਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜ਼ੁਲਮ ਦੇ ਖ਼ਿਲਾਫ਼ ਉੱਠਣਾ ਸਿਖਾਇਆ | ਮਨੁੱਖਤਾ ਨੂੰ ਆਪਣਾ ਅਲੌਕਿਕ ਸਹਾਰਾ ਵੀ ਪ੍ਰਦਾਨ ਕੀਤਾ | ਸਾਧਵੀ ਨੇ ਕਿਹਾ ਜ਼ਫ਼ਰਨਾਮਾ ਚਿੱਠੀ ਦੇ ਬੇਖ਼ੌਫ ਸ਼ਬਦਾਂ ਨੇ ਔਰੰਗਜ਼ੇਬ ਨੂੰ ਜੜਾਂ ਤੋਂ ਹਿਲਾ ਕੇ ਰੱਖ ਦਿੱਤਾ ਸੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਗਤੀ ਸ਼ਕਤੀ ਦੇ ਸੁਮੇਲ, ਦੇਗ ਤੇਗ ਦੇ ਧਨੀ, ਸਰਬੰਸ ਦਾਨੀ ਵਿਅਕਤਵ ਭਾਰਤ ਤਾਂ ਕੀ ਪੂਰੀ ਦੁਨੀਆਂ ਦੇ ਇਤਿਹਾਸ ਅੰਦਰ ਮਿਲਣਾ ਅਸੰਭਵ ਹੈ ਧਰਮ ਅਤੇ ਮਨੁੱਖਤਾ ਪਹਿਰੇਦਾਰ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਕੇ ਇਸ ਦਾ ਮਹਿਲ ਉਸਾਰਿਆ ਅਤੇ ਮਹਾਨ ਸਿਧਾਂਤਾਂ ਦੁਆਰਾ ਮਨੁੱਖੀ ਇਤਿਹਾਸ ਦੇ ਪੰਧ ਨੂੰ ਬਦਲ ਕੇ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ | ਜਿਨ੍ਹਾਂ ਤੋਂ ਮਾਨਵ ਪੁਸ਼ਤਾਂ ਚਾਨਣ ਲੈਂਦੀਆਂ ਰਹਿਣਗੀਆਂ | ਸਮੇਂ ਦੀ ਥੋੜ੍ਹ ਅਣਸੁਖਾਵੇਂ ਹਾਲਾਤ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੂੰ ਸਚਾਈ ਲਿਖਣ ਤੋਂ ਰੋਕ ਨਹੀਂ ਸਕੇ | ਗੁਰੂ ਸਾਹਿਬਾਨ ਦਾ ਅਸਲ ਮਾਰਗ ਹੈ, ਸਾਡੇ ਲਈ ਵੀ ਉਨ੍ਹਾਂ ਦਾ ਇਹੀ ਉਪਦੇਸ਼ ਹੈ ਕਿ ਅਸੀਂ ਅਜਿਹੇ ਮਾਰਗ ਦੀ ਪ੍ਰਾਪਤੀ ਕਰੀਏ ਜਿਸ ਉੱਪਰ ਚੱਲ ਕੇ ਅਸੀਂ ਉਨ੍ਹਾਂ ਦੀ ਅਪਾਰ ਕਿ੍ਪਾ ਦੇ ਪਾਤਰ ਬਣ ਸਕੀਏ |