ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਪੰਜਾਬੀ ਰੰਗਮੰਚ ਪ੍ਰੇਮੀਆਂ ਲਈ ਉਸ ਵੇਲੇ ਇਕ ਯਾਦਗਾਰੀ ਸ਼ਾਮ ਬਣ ਗਈ ਜਦੋਂ ਮਸ਼ਹੂਰ ਨਾਟਕ 'ਬੰਦੇ ਬਣੋ ਬੰਦੇ' ਦੀ ਸ਼ਾਨਦਾਰ ਪੇਸ਼ਕਾਰੀ ਪੰਜਾਬੀ ਸਿਨੇਮਾ ਅਤੇ ਥੀਏਟਰ ਦੇ ਮਹਾਨ ਕਲਾਕਾਰ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਕੈਨੇਡਾ ਵਲੋਂ ਸ਼ਹੀਦ ਨਛੱਤਰ ਸਿੰਘ ਮੈਮੋਰੀਅਲ ਹਾਲ ਬੱਸ ਸਟੈਂਡ ਮੋਗਾ ਵਿਖੇ ਕੀਤੀ ਗਈ | ਇਹ ਪ੍ਰੋਗਰਾਮ ਬੈਟਰ ਸਕਿੱਲ ਇਮੀਗ੍ਰੇਸ਼ਨ ਧਰਮਕੋਟ ਵਲੋਂ ਜੀ-2 ਇੰਟਰਟੇਨਮੈਂਟ ਮੋਗਾ ਦੇ ਸਹਿਯੋਗ ਨਾਲ ਬਹੁਤ ਹੀ ਸਫਲਤਾ ਨਾਲ ਕਰਵਾਇਆ ਗਿਆ | ਨਾਟਕ ਦੀ ਸੰਵੇਦਨਸ਼ੀਲ ਕਹਾਣੀ, ਮਜ਼ਬੂਤ ਸਮਾਜਿਕ ਸੰਦੇਸ਼ ਅਤੇ ਰਾਣਾ ਰਣਬੀਰ ਦੀ ਬੇਮਿਸਾਲ ਅਦਾਕਾਰੀ ਨੇ ਦਰਸ਼ਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ ਅਤੇ ਹਾਲ ਵਿਚ ਡੇਢ ਘੰਟੇ ਤੱਕ ਤਾਲੀਆਂ ਦੀ ਗੂੰਜ ਸੁਣਾਈ ਦਿੰਦੀ ਰਹੀ | ਸਟੇਜ ਤੋਂ ਸਿਮਰਨਜੀਤ ਸਿੰਘ ਅਤੇ ਦਲਜੀਤ ਸਿੰਘ ਗੇਦੂ ਕੈਨੇਡਾ ਸਕਾਈਡੋਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਕੀਮਤੀ ਸਹਿਯੋਗ ਨਾਲ ਇਹ ਸਮਾਗਮ ਵੱਡੀ ਕਾਮਯਾਬੀ ਨਾਲ ਯਾਦਗਾਰੀ ਹੋ ਨਿੱਬੜਿਆ | ਉਨ੍ਹਾਂ ਦੀ ਭੂਮਿਕਾ ਨੇ ਮੋਗਾ ਦੇ ਲੋਕਾਂ ਤੱਕ ਇਸ ਅਰਥਪੂਰਨ ਨਾਟਕ ਨੂੰ ਪਹੁੰਚਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ |