ਮੋਗਾ, 4 ਫਰਵਰੀ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਦੇ ਅਧਿਕਾਰੀ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਨੇ ਦੱਸਿਆ ਕਿ ਪੰਜਾਬ ਰੈਜੀਮੈਂਟਲ ਸੈਂਟਰ ਰਿਕਾਰਡ ਆਫ਼ਿਸ, ਰਾਮਗੜ੍ਹ ਛਾਉਣੀ ਝਾਰਖੰਡ ਵਲੋਂ ਮਿਸ਼ਨ ਹਾਰਦਿਕ ਮਿਲਨ 4.0 ਤਹਿਤ ਸਾਬਕਾ ਸੈਨਿਕਾਂ, ਵੀਰਨਾਰੀਆਂ, ਆਸ਼ਰਿਤਾਂ ਦੀਆਂ ਪੈਨਸ਼ਨਾਂ ਸੰਬੰਧੀ ਸਹੂਲਤਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਉਕਤ ਮੁਸ਼ਕਿਲਾਂ ਨੂੰ ਸੁਣਿਆ ਅਤੇ ਬਹੁਤੀਆਂ ਮੁਸ਼ਕਿਲਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ | ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਸੰਸਥਾਵਾਂ ਨਾਲ ਸੰਬੰਧਿਤ ਸਨ, ਉਨ੍ਹਾਂ ਨੂੰ ਦਰਜ ਕੀਤਾ ਗਿਆ ਅਤੇ ਸਬੰਧਿਤ ਦਸਤਾਵੇਜ਼ ਜਮ੍ਹਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ | ਇਸ ਮੌਕੇ ਹਾਰਦਿਕ ਮਿਲਨ ਦੀ ਟੀਮ ਦੇ ਮੈਂਬਰ ਸੂਬੇਦਾਰ ਕਲਰਕ ਵਿਵੇਕ ਕੁਮਾਰ ਸਿੰਘ ਅਤੇ ਨਾਇਕ ਕਲਰਕ ਗੁਨਜੀਤ ਸਿੰਘ ਵੀ ਹਾਜ਼ਰ ਸਨ | ਕੈਂਪ ਦਾ ਆਯੋਜਨ ਇਸ ਦਫ਼ਤਰ ਦੇ ਕਰਮਚਾਰੀਆਂ ਅਤੇ ਸਾਬਕਾ ਸੈਨਿਕਾਂ ਵਿਧਵਾਵਾਂ ਨੇ ਪੰਜਾਬ ਰੈਜੀਮੈਂਟ ਸੈਂਟਰ ਦੇ ਕਮਾਡੈਂਟ, ਬਿ੍ਗੇਡੀਅਰ, ਸਾਜੇਸ਼ ਬਾਬੂ, ਪੀ.ਜੀ. ਪੰਜਾਬ ਰਿਕਾਰਡ ਆਫ਼ਿਸ ਦੇ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਦੇਵਾਸ਼ੀਸ਼ ਡੇ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ | ਇਹ ਭਲਾਈ ਕਾਰਜ ਬਹੁਤ ਸ਼ਲਾਘਾਯੋਗ ਹੈ |