ਠੱਠੀ ਭਾਈ, 2 ਮਾਰਚ (ਜਗਰੂਪ ਸਿੰਘ ਮਠਾੜੂ)-ਬਾਘਾ ਪੁਰਾਣਾ ਹਲਕੇ ਦੇ ਪਿੰਡ ਮੱਲਕੇ ਵਿਚ ਪਿਛਲੇ ਕਈ ਸਾਲਾਂ ਤੋਂ ਟੁੱਟੀ ਹੋਈ ਫਿਰਨੀ ਪਿੰਡ ਵਾਸੀਆਂ ਤੇ ਰਾਹਗੀਰਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫਿਰਨੀ ਦੀ ਖ਼ਰਾਬ ਹਾਲਤ ਕਾਰਨ ਹਰ ਰੋਜ਼ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਮੀਂਹ ਪੈਣ 'ਤੇ ਸੜਕ 'ਚ ਪਾਣੀ ਭਰ ਜਾਂਦਾ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ਲਗਭਗ ਠੱਪ ਹੋ ਜਾਂਦੀ ਹੈ | ਇਸੇ ਪਾਸੇ ਹੀ ਸਕੂਲ ਹੋਣ ਕਾਰਨ ਸਕੂਲੀ ਬੱਚੇ, ਬਜ਼ੁਰਗ ਤੇ ਦੋਪਹੀਆ ਸਵਾਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ | ਕਈ ਵਾਰ ਵਾਹਨ ਖੱਡਿਆਂ ਵਿਚ ਫਸ ਜਾਂਦੇ ਹਨ ਤੇ ਲੋਕਾਂ ਨੂੰ ਧੱਕੇ ਲਗਾ ਕੇ ਕੱਢਣੇ ਪੈਂਦੇ ਹਨ | ਪਿੰਡ ਵਾਸੀਆਂ ਮੁਤਾਬਿਕ ਇਸ ਸੰਬੰਧੀ ਕਈ ਵਾਰ ਸਥਾਨਕ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ | ਚੋਣਾਂ ਦੌਰਾਨ ਨੇਤਾਵਾਂ ਵਲੋਂ ਫਿਰਨੀ ਦੀ ਮੁਰੰਮਤ ਦੇ ਵਾਅਦੇ ਕੀਤੇ ਜਾਂਦੇ ਹਨ, ਪਰ ਚੋਣਾਂ ਮਗਰੋਂ ਇਹ ਮਸਲਾ ਫਿਰ ਠੰਢੇ ਬਸਤਿਆਂ 'ਚ ਪੈ ਜਾਂਦਾ ਹੈ | ਪਿੰਡ ਮੱਲਕੇ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਤੁਰੰਤ ਫਿਰਨੀ ਦੀ ਮੁੜ ਤਿਆਰੀ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ | ਕੁਝ ਪਿੰਡ ਵਾਸੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਸਰਕਾਰ, ਵਿਧਾਇਕ ਅਤੇ ਸਰਪੰਚ ਸੱਤਾਧਾਰੀ ਪਾਰਟੀ ਦੇ ਨੇ ਪਰ ਫਿਰ ਵੀ ਪਿੰਡ ਵਿਚ ਵਿਕਾਸ ਜ਼ੀਰੋ ਹੈ |