ਬਾਘਾ ਪੁਰਾਣਾ, 2 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਿਰੁੱਧ ਲੱਗੇ ਧਰਮ ਯੁੱਧ ਮੋਰਚੇ ਦੀ ਪੂਰਨ ਹਮਾਇਤ ਕਰਦਿਆਂ ਐਲਾਨ ਕੀਤਾ ਹੈ ਕਿ ਜਥੇਬੰਦੀ ਭਾਈ ਗੁਰਜੀਤ ਸਿੰਘ ਵਲੋਂ ਟਾਵਰ ਤੇ ਲਾਏ ਮੋਰਚੇ ਵਿਚ ਪੂਰਾ ਸਾਥ ਦੇਵੇਗੀ | ਇਸ ਸੰਘਰਸ਼ 'ਚ ਜਥੇਬੰਦੀ ਦੀਆਂ ਜ਼ਿਲ੍ਹਾ ਅਤੇ ਬਲਾਕ ਵਾਰ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਕਿ ਤਰਤੀਬ ਨਾਲ ਮੋਰਚੇ ਨੂੰ ਅੱਗੇ ਵਧਾਇਆ ਜਾਵੇ | ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਹੋਈਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਇਸ ਵਿਰੁੱਧ ਰੋਸ ਪ੍ਰਗਟ ਕਰਦੇ ਸਿੱਖ ਨੌਜਵਾਨਾਂ ਦੇ ਹੋਏ ਕਤਲਾਂ ਦਾ ਇਨਸਾਫ ਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਦਿੱਤਾ ਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ, ਜਿਸ ਕਾਰਨ ਇਕੱਲੇ ਸਿੱਖਾਂ ਵਿੱਚ ਹੀ ਨਹੀਂ ਸਗੋਂ ਹਰ ਇਕ ਇਨਸਾਫ ਪਸੰਦ ਵਿਅਕਤੀ ਵਿਚ ਵੱਡਾ ਰੋਸ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸੇ ਵੀ ਧਾਰਮਿਕ ਗ੍ਰੰਥ ਵੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ | ਇਸ ਸਮੇਂ ਉਨ੍ਹਾਂ ਨਾਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ, ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ, ਬਲਾਕ ਸਕੱਤਰ ਲਖਵੀਰ ਸਿੰਘ ਕੋਮਲ, ਬਲਾਕ ਮੀਤ ਪ੍ਰਧਾਨ ਤੇਜ ਸਿੰਘ ਰਹਿਲ, ਜ਼ਿਲ੍ਹਾ ਕਮੇਟੀ ਮੈਂਬਰ ਰਵਿੰਦਰ ਸਿੰਘ ਬਰਾੜ, ਸੀਨੀਅਰ ਆਗੂ ਤਾਰ ਸਿੰਘ ਸਿੱਧੂ ਗੰਜੀ ਗੁਲਾਬ ਸਿੰਘ ਵਾਲਾ, ਬਲਜੀਤ ਸਿੰਘ ਗੌਂਸਪੁਰ ਤੋਂ ਇਲਾਵਾ ਇਕਾਈ ਸੁਖਾਨੰਦ ਦੇ ਸਮੂਹ ਮੈਂਬਰ ਹਾਜ਼ਰ ਸਨ |