ਬਾਘਾ ਪੁਰਾਣਾ, 6 ਅਪ੍ਰੈਲ (ਟਿੰਕੂ ਕਾਠਪਾਲ)-ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਵੈਰੋਕੇ ਵਿਖੇ ਵੈਰੋਕੇ - ਰਾਜੇਆਣਾ ਦੇ ਵਿਚਕਾਰ ਅਬੋਹਰ ਬਰਾਂਚ ਦੇ ਪੁਲ ਦੀ ਸਮੱਸਿਆ ਨੂੰ ਲੈ ਕੇ ਬਲਾਕ ਮੀਤ ਪ੍ਰਧਾਨ ਤੇ ਯੂਥ ਆਗੂ ਬਲਕਰਨ ਸਿੰਘ ਵੈਰੋਕੇ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਾਣਕਾਰੀ ਦਿੰਦਿਆਂ ਬਲਾਕ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਦੱਸਿਆ ਕਿ ਜੋ ਪਿੰਡ ਰਾਜੇਆਣਾ ਤੇ ਵੈਰੋਕੇ ਦੇ ਵਿਚਕਾਰ ਅਬੋਹਰ ਬਰਾਂਚ ਦੀ ਨਹਿਰ ਲੰਘਦੀ ਹੈ, ਜਿਸ ਦਾ ਪੁਰਾਣਾ ਪੁਲ ਮੰਡੀ ਬੋਰਡ ਵਲੋਂ ਤੇ ਹਲਕਾ ਵਿਧਾਇਕ ਦੀ ਸ਼ਹਿ ਉੱਪਰ ਨਵੇਂ ਪੁਲ ਦੇ ਨਿਰਮਾਣ ਨੂੰ ਲੈ ਕੇ ਢਾਹ ਦਿੱਤਾ ਗਿਆ ਸੀ, ਤੇ ਲੰਘਣ ਵਾਲੇ ਰਾਹਗੀਰਾਂ ਨੂੰ ਲੰਘਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਣਕ ਦੇ ਸੀਜ਼ਨ ਨੂੰ ਦੇਖਦਿਆਂ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਦੇ ਸਮਰਥਨ ਵਿਚ ਬੀ.ਕੇ.ਯੂ. ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਮੀਟਿੰਗ ਕੀਤੀ ਗਈ ਤੇ ਮੰਡੀ ਬੋਰਡ ਤੇ ਹਲਕਾ ਵਿਧਾਇਕ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਪੁਲ ਨਾ ਚਾਲੂ ਕੀਤਾ ਗਿਆ ਤਾਂ ਆਉਂਦੀ 11 ਅਪ੍ਰੈਲ ਨੂੰ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਘਰ ਅੱਗੇ ਧਰਨਾ ਲਗਾਇਆ ਜਾਵੇਗਾ | ਮੀਟਿੰਗ ਵਿਚ ਯੂਥ ਆਗੂ ਬਲਕਰਨ ਸਿੰਘ ਵੈਰੋਕੇ, ਮੰਗਾ ਸਿੰਘ, ਗੁਰਦੀਪ ਸਿੰਘ ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ, ਸਤਿਨਾਮ ਸਿੰਘ, ਅੰਗਰੇਜ਼ ਸਿੰਘ, ਅਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਹਰਜਿੰਦਰ ਸਿੰਘ, ਫਤਿਹ ਸਿੰਘ, ਸੇਵਕ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਭੰਡਾਰੀ ਸਿੰਘ, ਗੁਰਜੰਟ ਸਿੰਘ ਅਮਰਜੀਤ ਕੌਰ, ਗੁਰਪ੍ਰੀਤ ਕੌਰ, ਗਗਨਦੀਪ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ |