ਨਿਹਾਲ ਸਿੰਘ ਵਾਲਾ, 12 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮੀ ਸਾਹਿਤਕ ਸੰਸਥਾ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੁਆਰਾ ਗ਼ਜ਼ਲਗੋ ਗੁਰਦੀਪ ਲੋਪੋਂ ਦਾ ਰੂ ਬ ਰੂ ਕਰਵਾਇਆ ਗਿਆ | ਇਸ ਮੌਕੇ ਇਲਾਕੇ ਦੀਆਂ ਨਾਮੀ ਸਾਹਿਤਕ ਹਸਤੀਆਂ ਮੌਜੂਦ ਸਨ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਦੀਸ਼ ਕਮਲ ਨੇ ਸੰਭਾਲੀ ਅਤੇ ਡਾ. ਸੁਰਜੀਤ ਬਰਾੜ, ਡਾ. ਸੁਰਜੀਤ ਦੌਧਰ, ਗੁਰਮੇਲ ਬੌਡੇ, ਗੁਰਦੀਪ ਲੋਪੋਂ ਅਤੇ ਪ੍ਰਗਟ ਸਮਾਧ ਭਾਈ ਨੂੰ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਣ ਲਈ ਸੱਦਾ ਦਿੱਤਾ ਗਿਆ | ਸਮਾਗਮ ਸਬੰਧੀ ਰਸਮੀ ਜਾਣਕਾਰੀ ਦੇਣ ਮਗਰੋਂ ਮੇਘ ਸਿੰਘ ਲੋਪੋਂ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਗੁਰਦੀਪ ਲੋਪੋਂ ਦੀ ਸ਼ਖ਼ਸੀਅਤ ਬਾਰੇ ਵਿਸਥਾਰ ਨਾਲ ਗੱਲ ਕੀਤੀ | ਉਪਰੰਤ ਕਮਲ ਨੇ ਗੁਰਦੀਪ ਲੋਪੋਂ ਨੂੰ ਮੰਚ 'ਤੇ ਆਉਣ ਦਾ ਤੇ ਆਪਣੀ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਸਾਂਝੇ ਕਰਨ ਦਾ ਸੱਦਾ ਦਿੱਤਾ | ਲੋਪੋਂ ਨੇ ਬੜੇ ਠਰੰ੍ਹਮੇ ਭਰੇ ਅੰਦਾਜ਼ ਨਾਲ ਆਪਣੀ ਗੱਲ ਸ਼ੁਰੂ ਕੀਤੀ ਤੇ ਸਹਿਜਤਾ ਨਾਲ ਲਬਰੇਜ਼ ਸ਼ਬਦਾਂ ਦੁਆਰਾ ਆਪਣੇ ਜਨਮ, ਬਚਪਨ, ਪੜ੍ਹਾਈ ਤੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਨਾਲ਼ ਗੱਲ ਕੀਤੀ | ਸਵਾਲ ਜਵਾਬ ਸੈਸ਼ਨ 'ਚ ਹਰਵਿੰਦਰ ਬਿਲਾਸਪੁਰ ਤੇ ਸੁਰਜੀਤ ਬਰਾੜ ਨੇ ਲੋਪੋਂ ਨੂੰ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਲੋਪੋਂ ਨੇ ਤਸੱਲੀਬਖ਼ਸ਼ ਢੰਗ ਨਾਲ ਦਿੱਤਾ | ਡਾ. ਸੁਰਜੀਤ ਦੌਧਰ ਨੇ ਲੋਪੋਂ ਨੂੰ ਸੂਖਮਭਾਵੀ ਅਤੇ ਸਮਾਜਿਕ ਸਰੋਕਾਰਾਂ ਨੂੰ ਪਰਨਾਇਆ ਹੋਇਆ ਲੇਖਕ ਦੱਸਿਆ | ਗੁਰਮੇਲ ਬੌਡੇ ਨੇ ਕਿਹਾ ਕਿ ਹੁਣ ਲੋਪੋਂ ਨੂੰ ਹੋਰ ਤਕੜੇ ਹੋ ਕੇ ਸਾਹਿਤਕ ਜ਼ਿੰਮੇਵਾਰੀ ਨਿਭਾਉਣੀ ਪਵੇਗੀ | ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਗੁਰਦੀਪ ਲੋਪੋਂ ਨੇ ਗ਼ਜ਼ਲ ਵਰਗੀ ਔਖੀ ਵਿਧਾ ਚੁਣੀ ਹੈ ਤੇ ਇਸ ਨੂੰ ਬਾਖ਼ੂਬੀ ਨਿਭਾਅ ਵੀ ਰਿਹਾ ਹੈ | ਹਰਵਿੰਦਰ ਬਿਲਾਸਪੁਰ ਨੇ ਕਿਹਾ ਕਿ ਲੋਪੋਂ ਉਸ ਦੇ ਦਿਲ ਦੇ ਇੰਨਾ ਹੀ ਨੇੜੇ ਹੈ ਜਿਨ੍ਹਾਂ ਸਾਹ ਰਗ ਦੇ ਨੇੜੇ ਵਗਦੇ ਸਾਹ ਹੁੰਦੇ ਹਨ | ਇਸ ਮਗਰੋਂ ਮੰਚ ਦੁਆਰਾ ਗੁਰਦੀਪ ਲੋਪੋਂ ਨੂੰ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ | ਕਵੀ ਦਰਬਾਰ 'ਚ ਹਾਜ਼ਰ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਸੁਚੱਜੇ ਢੰਗ ਨਾਲ ਸੁਣਾਈਆਂ ਜਿਨ੍ਹਾਂ 'ਚ ਪ੍ਰਸ਼ੋਤਮ ਪੱਤੋ, ਜਸਵੰਤ ਰਾਊਕੇ, ਸੁਖਦੇਵ ਲੱਧੜ, ਰਾਜਪਾਲ ਪੱਤੋ, ਬੇਲੀ ਬਲਕਰਨ, ਗੁਰਮੇਲ ਬੌਡੇ, ਸ਼ੁਭਦੀਪ ਸ਼ੁੱਭ, ਹੰਸ ਸਿੰਘ ਸੋਹੀ ਭਗਤਾ, ਗੁਰਮਾਨ ਸਿੰਘ, ਚਰਨਜੀਤ ਸਮਾਲਸਰ, ਧਾਮੀ ਗਿੱਲ, ਪ੍ਰਗਟ ਸਿੰਘ ਸਮਾਧ ਭਾਈ, ਹਰਵਿੰਦਰ ਬਿਲਾਸਪੁਰ, ਗੁਰਬਚਨ ਕਮਲ, ਬਿੰਦਰ ਬਾਵਾ ਸ਼ਾਮਲ ਸਨ | ਇਸ ਮੌਕੇ ਯਾਦਵਿੰਦਰ ਸਿੰਘ, ਕਹਾਣੀਕਾਰ ਅਮਰੀਕ ਸੈਦੋਕੇ, ਪ੍ਰਕਾਸ਼ ਸਿੰਘ ਸਮਾਧ ਭਾਈ, ਅਮਨਦੀਪ ਬਿਲਾਸਪੁਰ, ਦਵਿੰਦਰ ਸਿੰਘ ਦੀਨਾ, ਲਖਵੀਰ ਸਿੰਘ, ਨਿਮਰਤ ਸੁਖ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਆਖਿਰ ਵਿਚ ਮੰਚ ਦੇ ਪ੍ਰਧਾਨ ਪ੍ਰਗਟ ਸਿੰਘ ਸਮਾਧ ਭਾਈ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ |