ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਵਲੋਂ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਵਲੋਂ ਜਾਰੀ ਕੀਤੇ ਗਏ ਮੰਗ ਪੱਤਰ ਦੀ ਕਾਪੀ ਸੁਪਰਡੈਂਟ ਟੂ ਡਿਪਟੀ ਕਮਿਸ਼ਨਰ ਮੋਗਾ ਨੂੰ ਰਾਮ ਕਿ੍ਸ਼ਨ ਧਰਮਕੋਟ ਜ਼ਿਲ੍ਹਾ ਪ੍ਰਧਾਨ, ਸੁਖਪਾਲ ਸਿੰਘ ਲਹਿਰਾ ਜ਼ਿਲ੍ਹਾ ਜਨਰਲ ਸਕੱਤਰ, ਜੰਗੀਰ ਸਿੰਘ ਬੱਧਨੀ ਕਲਾਂ ਅਤੇ ਸੁਰਜੀਤ ਸਿੰਘ ਗਗੜਾ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਦਿੱਤੀ ਗਈ | ਇਸ ਮੰਗ ਪੱਤਰ ਵਿਚ ਕੁੱਲ 10 ਮੰਗਾਂ ਸਨ ਜਿਵੇਂ ਕਿ ਵਿੱਤੀ ਬਿੱਲ 2025 ਨੂੰ ਰੱਦ ਕਰਨ, ਨਿਊ ਪੈਨਸ਼ਨ ਸਕੀਮ ਨੂੰ ਰੱਦ ਕਰ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ, 8ਵਾਂ ਪੇ ਕਮਿਸ਼ਨ ਰਿਟਾਇਰ ਹੋਏ ਕਰਮਚਾਰੀਆਂ 'ਤੇ ਵੀ ਲਾਗੂ ਕਰਨ, ਪੈਨਸ਼ਨ ਕਮਿਊਟੇਸ਼ਨ ਦੀ ਕਟੌਤੀ 11 ਸਾਲ ਕਰਨ, ਰੇਲ, ਹਵਾਈ ਜਹਾਜ਼, ਵਾਲਵੋ, ਏ.ਸੀ. ਬੱਸ ਅਤੇ ਪ੍ਰਾਈਵੇਟ ਕਾਰਪੋਰੇਟ ਬੱਸ ਕਿਰਾਏ ਵਿਚ ਕਨਸੈਸ਼ਨ ਦੇਣ, ਸਾਰੇ ਸੂਬਿਆਂ ਵਿਚ ਸਾਰੇ ਪੈਨਸ਼ਨਰਾਂ ਦਾ ਮੈਡੀਕਲ ਇੰਨਸ਼ੋਰੈਂਸ ਕਰਨ, ਓਲਡ ਏਜ ਭੱਤਾ ਪੈਨਸ਼ਨਰਜ਼ ਦੀ ਉਮਰ 65 ਸਾਲ ਹੋਣ 'ਤੇ ਦੇਣ, ਪਬਲਿਕ ਸੈਕਟਰ ਦਾ ਨਿੱਜੀਕਰਨ ਬੰਦ ਕਰਨ ਅਤੇ ਖ਼ਤਰਨਾਕ 4 ਲੇਬਰ ਕੋਡ ਬੰਦ ਕਰਨ ਦੀਆਂ ਮੰਗਾਂ ਸ਼ਾਮਿਲ ਹਨ | ਮੰਗ ਪੱਤਰ ਦੇਣ ਸਮੇਂ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਲੁਹਾਮ, ਹਰਜੀਤ ਸਿੰਘ ਸਿੰਘਾਂਵਾਲਾ, ਮਹਿੰਦਰਪਾਲ ਸਾਰੇ ਜ਼ਿਲ੍ਹਾ ਮੀਤ ਪ੍ਰਧਾਨ, ਬਲਰਾਮ ਸਿੰਘ ਠਾਕੁਰ, ਰਜਿੰਦਰ ਪ੍ਰਤਾਪ ਸਿੰਘ ਬਾਜਵਾ ਦੋਵੇਂ ਜ਼ਿਲ੍ਹਾ ਸਕੱਤਰ ਅਤੇ ਗੁਰਪ੍ਰਤਾਪ ਸਿੰਘ ਸ਼ਾਮਿਲ ਸਨ |