ਅਜੀਤਵਾਲ, 21 ਅਪ੍ਰੈਲ (ਮਾਨ)-ਪਿਛਲੇ ਕੁਝ ਸਮੇਂ ਸ਼੍ਰੋਮਣੀ ਅਕਾਲੀ ਦਲ ਵਿਚ ਆਏ ਵਿਚਾਰਕ ਮਤਭੇਦਾਂ ਤੋਂ ਬਾਅਦ ਹੋਈ ਆਪਸੀ ਏਕਤਾ ਦੇ ਮੱਦੇਨਜ਼ਰ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪਾਰਟੀ ਆਗੂਆਂ ਤੇ ਵਰਕਰ ਰੂਪੀ ਕੜੀਆਂ ਨੂੰ ਪੱਕਾ ਕਰਨ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਪਿੰਡ ਅਜੀਤਵਾਲ ਤੋਂ ਸ਼ੁਰੂਆਤ ਕਰ ਦਿੱਤੀ ਹੈ | ਅਜੀਤਵਾਲ ਵਿਖੇ ਸੀਨੀ. ਆਗੂ ਇੰਦਰਜੀਤ ਸਿੰਘ ਰਾਜਾ ਦੇ ਗ੍ਰਹਿ ਵਿਖੇ ਬਲਜੀਤ ਸਿੰਘ ਚੁਗਾਵਾਂ, ਸੁਖਵਿੰਦਰ ਸਿੰਘ ਨੀਟਾ ਮੈਂਬਰ, ਨਛੱਤਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ, ਬਲਜੀਤ ਸਿੰਘ, ਸੁਖਜੀਤ ਸਿੰਘ, ਸਿਮਰਜੀਤ ਸਿੰਘ ਸਿਮਰਾ ਆਦਿ ਨੂੰ ਮਿਲ ਕਿ ਪਾਰਟੀ ਦੀ ਮਜ਼ਬੂਤੀ ਸਬੰਧੀ ਖੁੱਲ ਕੇ ਵਿਚਾਰਾਂ ਹੋਈਆਂ | ਇੰਨਾ ਸਥਾਨਕ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਰਲ ਮਿਲ ਕੇ ਯਤਨ ਕਰਾਂਗੇ | ਇਸ ਮੌਕੇ ਰਾਜਵਿੰਦਰ ਸਿੰਘ ਧਰਮਕੋਟ ਨੇ ਆਖਿਆ ਕਿ ਸਾਰੇ ਪਿੰਡਾਂ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਜੀਤਵਾਲ ਵਿਖੇ ਇਲਾਕੇ ਦਾ ਭਰਵਾਂ ਇਕੱਠ ਰੱਖਿਆ ਜਾਵੇਗਾ ਜਿਸ ਵਿਚ ਮੋਗਾ ਜ਼ਿਲੇ੍ਹ ਦੀ ਸਾਰੀ ਸੀਨੀਅਰ ਲੀਡਰਸ਼ਿਪ ਸ਼ਾਮਲ ਹੋਵੇਗੀ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਬਣਦਾ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਨਿੱਜੀ ਹਿਤਾਂ ਨੂੰ ਤਿਆਗ ਕੇ ਪੰਜਾਬ ਦੀ ਬਿਹਤਰੀ ਲਈ ਵਿਕਾਸ ਅਤੇ ਭਾਈਚਾਰਕ ਸਾਂਝ ਦੀ ਕਸੌਟੀ ਤੇ ਹੁਣ ਤੱਕ ਖਰੀ ਉੱਤਰੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਪ੍ਰਦਾਨ ਕਰਨੀ ਚਾਹੀਦੀ ਹੈ | ਸੀਨੀ. ਆਗੂ ਰਣਵਿੰਦਰ ਸਿੰਘ ਪੱਪੂ ਰਾਮੰੂਵਾਲਾ ਨੇ ਇਕੱਤਰ ਹੋਈਆਂ ਸਾਰੀਆਂ ਅਕਾਲੀ ਸ਼ਖ਼ਸੀਅਤਾਂ, ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਰਲ ਮਿਲ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰੀਏ ਤੇ ਆਉਣ ਵਾਲੀ 2027 ਵਿਚ ਅਕਾਲੀ ਦਲ ਦੀ ਸਰਕਾਰ ਦਾ ਹੁਣੇ ਤੋਂ ਹੀ ਮੁੱਢ ਬੰਨ੍ਹਣ ਲਈ ਯਤਨ ਆਰੰਭ ਕਰੀਏ |