ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਲਾਕੇ ਦੀ ਇਕ ਅਜਿਹੀ ਨਾਮਵਰ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਆਏ ਦਿਨ ਬੁਲੰਦੀਆਂ ਨੂੰ ਛੂਹਣ ਵਾਲੀਆਂ ਪ੍ਰਾਪਤੀਆਂ ਕਰਦੇ ਹਨ | ਇਸ ਸੰਸਥਾ ਦੇ ਵਿਦਿਆਰਥੀਆਂ ਨੇ ਇਸ ਵਾਰ ਵੀ ਦਸਵੀਂ ਜਮਾਤ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿੱਤੀ ਹੈ | ਸਕੂਲ ਅਨੁਸਾਰ ਇਸ ਸਾਲ ਦਸਵੀਂ ਜਮਾਤ ਦੇ 154 ਵਿਦਿਆਰਥੀਆਂ ਨੇ ਸੌ ਫ਼ੀਸਦੀ ਨਤੀਜਾ ਦਿੱਤਾ ਹੈ | ਇਸ ਪ੍ਰੀਖਿਆ ਵਿਚੋਂ ਹੋਣਹਾਰ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸੁਖਚੈਨ ਸਿੰਘ ਵਾਸੀ ਜੀਦਾ ਨੇ 98.40 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਹਰਿਤੀ ਸਿੰਗਲਾ ਪੁੱਤਰੀ ਨਵੀਨ ਕੁਮਾਰ ਵਾਸੀ ਭਗਤਾ ਭਾਈ ਅਤੇ ਮਨਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੱਲਾ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ, ਅਭਿਨੂਰ ਕੌਰ ਪੁੱਤਰੀ ਬਲਵੰਤ ਸਿੰਘ ਵਾਸੀ ਕੋਠੇ ਮਹਿਲਰ ਫ਼ਤਿਹਗੜ੍ਹ ਨੇ 97.60 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕਰਦੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਜ਼ਿਕਰਯੋਗ ਹੈ ਕਿ 9 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਇਨ੍ਹਾਂ ਵਿਦਿਆਰਥੀਆਂ ਨੂੰ ਡੀ.ਈ.ਓ. ਮਮਤਾ ਖੁਰਾਨਾ ਸੇਠੀ ਵਲੋਂ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ | ਮੈਡਮ ਸੇਠੀ ਨੇ ਵਿਦਿਆਰਥੀਆਂ ਦੀ ਸਫਲਤਾ ਉੱਤੇ ਮਾਣ ਕਰਦੇ ਹੋਏ ਕਿਹਾ ਕਿ ਇਹ ਵਿਦਿਆਰਥੀ ਇਕ ਦਿਨ ਸਮੁੱਚੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ | ਉਨ੍ਹਾਂ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਸੁਪਨਿਆਂ ਬਾਰੇ ਪੁੱਛਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਡਾਕਟਰ, ਇੰਜੀਨੀਅਰ, ਜੱਜ ਆਦਿ ਬਣ ਕੇ ਦੇਸ਼ ਦੀ ਸੇਵਾ ਕਰਨ ਦੇ ਜਜ਼ਬੇ ਬਾਰੇ ਦੱਸਿਆ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਤੁਹਾਨੂੰ ਬਹੁਤ ਉੱਚਾ ਲੈ ਕੇ ਜਾਵੇਗੀ ਪਰ ਇਸ ਦਾ ਫ਼ਾਇਦਾ ਤਾਂ ਹੀ ਹੋਵੇਗਾ ਜੇਕਰ ਤੁਸੀਂ ਜਨਤਕ ਭਲਾਈ ਨੂੰ ਪਹਿਲ ਦੇਵੋਗੇ | ਇਸ ਲਈ ਤੁਹਾਡੇ ਅੰਦਰ ਆਪਣੇ ਲਈ ਹੀ ਨਹੀਂ ਸਗੋਂ ਦੂਜਿਆਂ ਦੀ ਮਦਦ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਦੀ ਰਿਕਾਰਡ ਤੋੜ ਸਫਲਤਾ ਪ੍ਰਾਪਤ ਕਰਨ 'ਤੇ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ | ਬਾਂਸਲ ਨੇ ਅਧਿਆਪਕ ਸਾਹਿਬਾਨਾਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਦੀ ਵਡਿਆਈ ਕਰਦੇ ਹੋਏ ਇਸ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਜਨਰਲ ਸਕੱਤਰ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਨੇ ਪਿ੍ੰਸੀਪਲ, ਕੋਆਰਡੀਨੇਟਰ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ |