ਬਾਘਾ ਪੁਰਾਣਾ, 21 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਬੀਤੀ ਰਾਤ ਬਾਘਾ ਪੁਰਾਣਾ ਵਿਖੇ ਬੀ.ਏ. ਵਾਲੀ ਗਲੀ 'ਚ ਦੋ ਦੁਕਾਨਦਾਰਾਂ ਦੀ ਗਲੀ 'ਚ ਮੋਟਰਸਾਈਕਲ ਖੜ੍ਹਾਉਣ ਨੂੰ ਲੈ ਕੇ ਹੋਈ ਬਹਿਸ ਬਾਜੀ ਤੋਂ ਆਪਸੀ ਕੁੱਟਮਾਰ ਹੋਣ ਦਾ ਸਮਾਚਾਰ ਹੈ | ਉਕਤ ਕੁੱਟਮਾਰ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਨਵਤੇਜ ਕੁਮਾਰ ਰੌਂਤੇ ਵਾਲੇ ਦੇ ਭਰਾ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਸਥਾਨਿਕ ਸ਼ਹਿਰ ਅੰਦਰ ਨਿਹਾਲ ਸਿੰਘ ਵਾਲਾ ਰੋਡ 'ਤੇ ਬੀ.ਏ. ਵਾਲੀ ਗਲੀ ਅੰਦਰ ਕੱਪੜੇ ਦਾ ਸ਼ੋਅ ਰੂਮ ਹੈ ਅਤੇ ਉਕਤ ਸ਼ੋਅਰੂਮ 'ਚ ਰਾਤ ਤਕਰੀਬਨ 8.45 'ਤੇ ਕੋਈ ਗਾਹਕ ਕੱਪੜੇ ਖ਼ਰੀਦਣ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ ਜਿਸ ਨੇ ਆਪਣੇ ਮੋਟਰਸਾਈਕਲ ਨੂੰ ਗਲੀ ਅੰਦਰ ਖੜ੍ਹਾ ਕਰਕੇ ਆਪ ਸ਼ੋਅਰੂਮ ਅੰਦਰ ਚਲਾ ਗਿਆ | ਉਸ ਸਮੇਂ ਸ਼ੋਅਰੂਮ ਦੇ ਨਾਲ ਸਥਿਤ ਇਕ ਦੁਕਾਨ ਮਾਲਕ ਨਿਮੀਸ਼ ਗੋਇਲ ਅਤੇ ਉਸ ਦਾ ਭਰਾ ਅਮਨ ਗੋਇਲ ਗਲੀ ਅੰਦਰ ਆਪਣੀ ਕਾਰ 'ਤੇ ਸਵਾਰ ਹੋ ਕੇ ਆਏ ਤਾਂ ਉਨ੍ਹਾਂ ਗਲੀ 'ਚ ਖੜ੍ਹੇ ਮੋਟਰਸਾਈਕਲ ਨੂੰ ਸਾਈਡ 'ਤੇ ਕਰਨ ਦੀ ਗੱਲ ਕੀਤੀ | ਉਸ ਸਮੇਂ ਜਦੋਂ ਮੇਰਾ ਭਰਾ ਨਵਤੇਜ ਕੁਮਾਰ ਅਤੇ ਮੋਟਰਸਾਈਕਲ ਚਾਲਕ ਦੁਕਾਨ ਤੋਂ ਬਾਹਰ ਗਲੀ 'ਚ ਆਏ ਤਾਂ ਬਾਹਰ ਖੜ੍ਹੇ ਕਾਰ ਚਾਲਕ ਸਵਾਰ ਨੌਜਵਾਨਾਂ ਨੇ ਮੋਟਰਸਾਈਕਲ ਸਾਈਡ 'ਤੇ ਕਰਨ ਦੀ ਗੱਲ ਕਰਦਿਆਂ ਮੇਰੇ ਭਰਾ ਨਵਤੇਜ ਕੁਮਾਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਦੌਰਾਨ ਉਨ੍ਹਾਂ ਨੇ ਨਵਤੇਜ ਕੁਮਾਰ ਦੀ ਕੁੱਟਮਾਰ ਵੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਕੁੱਟਮਾਰ ਨੂੰ ਵੇਖਦੇ ਹੋਏ ਸ਼ੋਅਰੂਮ 'ਚ ਹਾਜ਼ਰ ਮੁਲਾਜ਼ਮਾਂ ਨੇ ਉਕਤ ਨੌਜਵਾਨਾਂ ਤੋਂ ਮੇਰੇ ਭਰਾ ਨਵਤੇਜ ਕੁਮਾਰ ਨੂੰ ਬੜੀ ਮੁਸ਼ਕਿਲ ਨਾਲ ਛੁਡਵਾਇਆ | ਇਸ ਕੁੱਟਮਾਰ 'ਚ ਨਵਤੇਜ ਕੁਮਾਰ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਅਤੇ ਉਸ ਨੂੰ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ | ਇੱਥੇ ਜ਼ਿਕਰਯੋਗ ਹੈ ਕਿ ਉਕਤ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ | ਇਸ ਕੁੱਟਮਾਰ ਦੀ ਘਟਨਾ ਸਬੰਧੀ ਜਦੋਂ ਦੂਸਰੀ ਧਿਰ ਨਿਮੀਸ਼ ਗੋਇਲ ਅਤੇ ਅਮਨ ਗੋਇਲ (ਦੋਵੇਂ ਭਰਾ) ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਿਰਫ਼ ਮੋਟਰਸਾਈਕਲ ਸਾਈਡ 'ਤੇ ਕਰਨ ਦੀ ਗੱਲ ਕੀਤੀ ਸੀ ਪਰ ਸ਼ੋਅਰੂਮ ਮਾਲਕ ਨਵਤੇਜ ਕੁਮਾਰ ਅਤੇ ਉਸ ਦੇ ਦੁਕਾਨ ਅੰਦਰ ਮੁਲਾਜ਼ਮਾਂ ਨੇ ਇਹ ਕਹਿੰਦੇ ਹੋਏ ਸਾਡੀ ਕੁੱਟਮਾਰ ਕੀਤੀ ਕਿ ਗਲੀ ਸਰਕਾਰੀ ਹੈ ਅਤੇ ਮੋਟਰਸਾਈਕਲ ਇੱਥੇ ਹੀ ਖੜੇਗਾ ਜਿਸ ਦੇ ਚੱਲਦਿਆਂ ਉਸ ਦਾ ਭਰਾ ਅਮਨ ਗੋਇਲ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਉਕਤ ਕੁੱਟਮਾਰ ਦੀ ਜਾਣਕਾਰੀ ਮਿਲਦਿਆਂ ਥਾਣਾ ਬਾਘਾ ਪੁਰਾਣਾ ਦੇ ਐਸ.ਐਚ.ਓ. ਜਨਕ ਰਾਜ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਉਕਤ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਜੋ ਵੀ ਧਿਰ ਦੋਸ਼ੀ ਹੋਵੇਗੀ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |