ਨਿਹਾਲ ਸਿੰਘ ਵਾਲਾ, 21 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਸਿੱਖਿਆ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਪਾ ਰਹੀ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਨਵੇਂ ਦਾਖ਼ਲਿਆਂ ਪ੍ਰਤੀ ਮਾਪਿਆਂ ਤੇ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪਿ੍ੰਸੀਪਲ ਮੈਡਮ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਮਰਪਿਤ ਭਾਵਨਾ ਵਾਲੇ ਸੁਹਿਰਦ ਤੇ ਮਿਹਨਤੀ ਅਧਿਆਪਕਾਂ ਦੁਆਰਾ ਅੰਗਰੇਜ਼ੀ ਮੀਡੀਅਮ ਵਿਚ ਵਾਜਬ ਫ਼ੀਸਾਂ 'ਤੇ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਵਿਸ਼ੇਸ਼ ਤੌਰ 'ਤੇ ਸੂਝਵਾਨ ਮਾਪਿਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ | ਸੰਸਥਾ ਦੇ ਸ਼ਾਨਦਾਰ ਨਤੀਜੇ ਤੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਖੇਤਰਾਂ ਵਿਚ ਮਾਰੀਆਂ ਜਾ ਰਹੀਆਂ ਮੱਲਾਂ ਇਸ ਦੀ ਸ਼ੋਭਾ ਨੂੰ ਚਾਰ ਚੰਨ ਲਾ ਰਹੇ ਹਨ | ਮੈਨੇਜਿੰਗ ਡਾਇਰੈਕਟਰ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਸਕੂਲ ਦੀ ਮੈਨੇਜਮੈਂਟ ਵਲੋਂ ਸਿੱਖਿਆ ਸਮਾਜ ਪ੍ਰਤੀ ਬਣਦੀ ਡਿਊਟੀ ਅਤੇ ਸੇਵਾ ਸਮਝ ਕੇ ਦਿੱਤੀ ਜਾ ਰਹੀ ਹੈ | ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਖ਼ੁਲਾਸਾ ਕੀਤਾ ਕਿ ਅਸੀਂ ਮਾਪਿਆਂ ਦੀਆਂ ਸਧਰਾਂ ਅਨੁਸਾਰ ਬੱਚਿਆਂ ਨੂੰ ਤਰਾਸ਼ਣ 'ਚ ਜੁਟੇ ਹੋਏ ਹਾਂ | ਸਮਾਜ ਨੂੰ ਅਜਿਹੇ ਨੌਜਵਾਨਾਂ ਦੀ ਸਖ਼ਤ ਜ਼ਰੂਰਤ ਹੈ, ਜੋ ਨਰੋਏ ਤੇ ਸੋਹਣੇ ਸਮਾਜ ਦੀ ਸਿਰਜਣਾ ਦੇ ਹਾਮੀ ਹੋਣ | ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਕਿਹਾ ਕਿ ਅਦਾਰੇ ਦਾ ਮਾਣਮੱਤਾ ਸਫ਼ਰ ਹਜ਼ਾਰਾਂ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਸ਼ਾਹਦੀ ਭਰਦਾ ਹੈ, ਜਿਹੜੇ ਚੰਗੇ ਮੁਕਾਮ 'ਤੇ ਪਹੁੰਚ ਕੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ | ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਅਸੀਂ ਨਿਰਧਾਰਿਤ ਪਾਠਕ੍ਰਮ ਦੇ ਨਾਲੋ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ | ਸਵੈ-ਵਿਸ਼ਵਾਸ ਤੇ ਮਿਹਨਤੀ ਸੁਭਾਅ ਵਾਲੇ ਨੌਜਵਾਨ ਜ਼ਿੰਦਗੀ 'ਚ ਵੱਡੀਆਂ ਪੁਲਾਂਘਾਂ ਪੁੱਟਣ ਦੇ ਸਮਰੱਥ ਬਣਦੇ ਹਨ |