ਮੋਗਾ, 4 ਮਈ (ਸੁਰਿੰਦਰਪਾਲ ਸਿੰਘ)-ਮੋਗਾ 'ਚ ਅੱਜ ਪੰਜਾਬ ਭਰ ਦੇ ਐਜੂਕੇਸ਼ਨ ਮਨਿਸਟਰੀਅਲ ਸਟਾਫ਼ ਦੇ ਅਧਿਕਾਰੀਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਪੰਜਾਬ ਦੇ 23 ਜ਼ਿਲਿ੍ਹਆਂ ਤੋਂ ਆਏ ਅਹੁਦੇਦਾਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਅਗਵਾਈ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਵਲੋਂ ਕੀਤੀ ਗਈ | ਮੀਟਿੰਗ ਦਾ ਮੁੱਖ ਮਕਸਦ ਸਰਕਾਰ ਵਲੋਂ ਸਟਾਫ਼ ਨੂੰ ਆਪਣੇ ਮੁੱਖ ਕੰਮ ਤੋਂ ਇਲਾਵਾ ਹੋਰ ਕੰਮ ਲਗਾਉਣ ਦੇ ਵਿਰੋਧ 'ਚ ਆਵਾਜ਼ ਉਠਾਉਣਾ ਅਤੇ ਲੰਬੇ ਸਮੇਂ ਤੋਂ ਬਕਾਇਆ ਪਈਆਂ ਮੰਗਾਂ ਨੂੰ ਮਨਵਾਉਣਾ ਸੀ | ਮੀਟਿੰਗ ਦੌਰਾਨ ਵੱਡਾ ਫ਼ੈਸਲਾ ਲਿਆ ਗਿਆ ਕਿ 15 ਮਈ ਨੂੰ ਪੰਜਾਬ ਭਰ ਦਾ ਮਨਿਸਟਰੀਅਲ ਸਟਾਫ਼ ਸੰਗਰੂਰ 'ਚ ਵੱਡਾ ਧਰਨਾ ਪ੍ਰਦਰਸ਼ਨ ਕਰੇਗਾ | ਇਸ ਧਰਨੇ ਦੀ ਰਣਨੀਤੀ ਵੀ ਤਿਆਰ ਕੀਤੀ ਗਈ | ਅਹੁਦੇਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਤੋਂ ਇਕੋ ਸਮੇਂ ਕਈ ਕਿਸਮ ਦੇ ਕੰਮ ਲੈਂਦੀ ਹੈ, ਜਿਸ ਨਾਲ ਕੰਮ 'ਚ ਰੁਕਾਵਟਾਂ ਪੈਂਦੀਆਂ ਹਨ ਅਤੇ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਕ ਸਮੇਂ 'ਚ ਇਕ ਹੀ ਕੰਮ ਦੇਵੇ ਤਾਂ ਜੋ ਉਹ ਆਪਣੀ ਡਿਊਟੀ ਨੂੰ ਢੰਗ ਨਾਲ ਨਿਭਾ ਸਕਣ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡੀ.ਏ. ਦੀਆਂ ਕਿਸ਼ਤਾਂ ਸਮੇਤ ਕਈ ਹੋਰ ਮੰਗਾਂ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ | ਜੇਕਰ ਸਰਕਾਰ ਨੇ ਜਲਦੀ ਧਿਆਨ ਨਾ ਦਿੱਤਾ ਤਾਂ ਸੰਗਰੂਰ ਦਾ ਧਰਨਾ ਹੋਰ ਤੇਜ਼ ਸੰਘਰਸ਼ 'ਚ ਬਦਲ ਸਕਦਾ ਹੈ | ਮੀਟਿੰਗ 'ਚ ਹਾਜ਼ਰ ਸਾਰੇ ਜ਼ਿਲ੍ਹਾ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਹੁਣ ਮੰਗਾਂ ਨੂੰ ਅਣਡਿੱਠਾ ਕਰਨਾ ਮੁਸ਼ਕਿਲ ਹੋਵੇਗਾ | ਇਸ ਮੌਕੇ ਵਰੁਣ ਕੁਮਾਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਅਨੀਰੁੱਧ ਮੋਦਗਿਲ ਵਾਈਸ ਚੇਅਰਮੈਨ ਤੇ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨ ਤੇ ਅਹੁਦੇਦਾਰ ਹਾਜ਼ਰ ਸਨ |