ਮੋਗਾ, 8 ਮਈ (ਜਸਪਾਲ ਸਿੰਘ ਬੱਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਮੋਗੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਦੇ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੇ ਬਤੌਰ ਪਿ੍ੰਸੀਪਲ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ | ਡਾ. ਜਤਿੰਦਰ ਕੌਰ ਗੁਰੂ ਨਾਨਕ ਕਾਲਜ ਮੋਗਾ ਦਾ ਸੇਵਾਕਾਰ ਸਮਾਪਤ ਹੋਣ ਉਪਰੰਤ ਕਾਲਜ ਦਾ ਚਾਰਜ, ਕਾਲਜ ਦੀ ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਜੀਤ ਸਿੰਘ ਗਿੱਲ ਸੰਨੀ ਗਿੱਲ ਨੇ ਸਟਾਫ਼ ਦੇ ਅਤੇ ਵਿਦਿਆਰਥੀਆਂ ਦੇ ਹਰਮਨ ਪਿਆਰੇ, ਐਸੋਸੀਏਟ ਪ੍ਰੋ. ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੂੰ ਸੌਂਪ ਦਿੱਤਾ ਹੈ | ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਇਸ ਸ਼ੁੱਭ ਘੜੀ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਤੇ ਕਾਲਜ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ | ਸੰਜੀਤ ਸਿੰਘ ਗਿੱਲ ਨੇ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਡਾ. ਗੁਰਿੰਦਰ ਜੀਤ ਸਿੰਘ ਭੁੱਲਰ ਅਰਥਸ਼ਾਸਤਰ ਵਿਭਾਗ ਤੇ ਮੁਖੀ ਵਜੋਂ ਲੰਮੇ ਸਮੇਂ ਤੋਂ ਗੁਰੂ ਨਾਨਕ ਕਾਲਜ ਮੋਗਾ ਵਿਖੇ ਸੇਵਾ ਨਿਭਾ ਰਹੇ ਹਨ | ਉਹ ਬੜੇ ਹੀ ਠਰੰ੍ਹਮੇ ਅਤੇ ਦੂਰ ਅੰਦੇਸ਼ੀ ਵਿਅਕਤਿਤਵ ਦੇ ਮਾਲਕ ਹਨ | ਅਰਥਸ਼ਾਸਤਰ ਦੇ ਮਾਹਿਰ ਹੋਣ ਦੇ ਨਾਲ-ਨਾਲ ਉਹ ਬੜੇ ਹੀ ਸੰਵੇਦਨਸ਼ੀਲ ਤੇ ਵਧੀਆਂ ਕਵੀ ਵੀ ਹਨ | ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਡਾ. ਗੁਰਿੰਦਰਜੀਤ ਸਿੰਘ ਭੁੱਲਰ ਨੇ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕਰਦੇ ਹੋਏ ਸਟਾਫ਼, ਮੈਨੇਜਿੰਗ ਕਮੇਟੀ, ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਕਾਲਜ ਦੀ ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਅਤੇ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਗਿੱਲ ਸੰਨੀ ਗਿੱਲ ਨੇ ਕਾਲਜ ਦੀ ਬਿਹਤਰੀ ਲਈ ਹਰ ਸੰਭਵ ਸਹਾਇਤਾ ਦਾ ਵਚਨ ਦਿੱਤਾ ਤੇ ਇਸ ਕਾਲਜ ਨੂੰ ਸਮੇਂ ਦੇ ਅਨੁਸਾਰੀ ਬਣਾਉਣ ਹਿਤ ਨਵੇਂ ਪ੍ਰੋਜੈਕਟ-ਪ੍ਰਪੋਜ਼ਲ ਸਬੰਧੀ ਵਿਚਾਰ ਵਟਾਂਦਰਾ ਕੀਤਾ |