ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਜਨਗਣਨਾ 2027 ਤਹਿਤ ਸੈਲਫ ਇਨਿਊਮਰੇਸ਼ਨ ਦਾ ਪੋਰਟਲ 14 ਮਈ ਤੱਕ ਖੁੱਲ੍ਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਸੈਲਫ ਇਨਿਊਮਰੇਸ਼ਨ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਜਿਸ ਸਦਕਾ ਵੱਡੀ ਗਿਣਤੀ ਵਿਚ ਜ਼ਿਲ੍ਹਾ ਵਾਸੀ ਆਪਣੀ ਜਾਣਕਾਰੀ ਖ਼ੁਦ ਭਰ ਰਹੇ ਹਨ | ਖ਼ੁਦ ਜਾਣਕਾਰੀ ਭਰਨ ਦੇ ਆਪਸ਼ਨ ਵਾਲੀ ਇਹ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੈ | ਪੋਰਟਲ ਰਾਹੀਂ ਇਸ ਜਾਣਕਾਰੀ ਨੂੰ ਭਰਿਆ ਜਾ ਰਿਹਾ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਅੱਜ ਇਸ ਸਬੰਧ ਵਿਚ ਰੱਖੀ ਗਈ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਵਿਚ ਘਰ ਨਾਲ ਸਬੰਧਿਤ ਜਾਣਕਾਰੀ ਜਿਵੇਂ ਮਕਾਨ ਦੀ ਕਿਸਮ, ਸੁਵਿਧਾਵਾਂ (ਪਾਣੀ, ਬਿਜਲੀ, ਟਾਇਲਟ), ਰਸੋਈ ਅਤੇ ਵਰਤੇ ਜਾਣ ਵਾਲੇ ਇੰਧਨ, ਨਾਲ ਹੀ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਮੋਬਾਈਲ, ਇੰਟਰਨੈਟ ਅਤੇ ਹੋਰ ਸਹੂਲਤਾਂ ਬਾਰੇ ਸਾਧਾਰਨ ਪ੍ਰਸ਼ਨ ਸ਼ਾਮਿਲ ਹਨ | ਸਭ ਤੋਂ ਮਹੱਤਵਪੂਰਨ ਗੱਲ ਇਸ ਤਹਿਤ ਦਿੱਤੀ ਜਾਂਦੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਇਸ ਦਾ ਇਸਤੇਮਾਲ ਸਿਰਫ਼ ਸਰਕਾਰੀ ਯੋਜਨਾਬੰਦੀ ਲਈ ਕੀਤਾ ਜਾਂਦਾ ਹੈ | ਸਹੀ ਅਤੇ ਪੂਰੀ ਜਾਣਕਾਰੀ ਦੇਣ ਨਾਲ ਸਰਕਾਰ ਨੂੰ ਤੁਹਾਡੇ ਇਲਾਕੇ ਲਈ ਵਧੀਆ ਯੋਜਨਾਵਾਂ ਬਣਾਉਣ ਵਿਚ ਮਦਦ ਮਿਲਦੀ ਹੈ ਅਤੇ ਸਰਕਾਰੀ ਸਕੀਮਾਂ ਦਾ ਲਾਭ ਸਹੀ ਲੋਕਾਂ ਤੱਕ ਪਹੁੰਚਦਾ ਹੈ | ਇਸ ਨਾਲ ਸਮਾਂ ਵੀ ਬਚਦਾ ਹੈ ਅਤੇ ਡਾਟਾ ਵੀ ਸਹੀ ਤਰੀਕੇ ਨਾਲ ਤਿਆਰ ਹੁੰਦਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੌਂਸਲਰਾਂ, ਸਰਪੰਚਾਂ ਆਦਿ ਦੁਆਰਾ ਵੱਧ ਤੋਂ ਵੱਧ ਸਵੈ ਗਣਨਾ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ | ਸਾਰੇ ਅਧਿਆਪਕਾਂ ਅਤੇ ਸਿਹਤ ਅਧਿਕਾਰੀ ਵੀ ਇਸ ਦੀ ਅਗਵਾਈ ਕਰ ਰਹੇ ਹਨ | ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਸਵੈ-ਗਣਨਾ ਇਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖ਼ੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ | ਪਹਿਲਾਂ ਇਹ ਕੰਮ ਸਿਰਫ਼ ਕਾਗ਼ਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਭਰ ਸਕਦੇ ਹੋ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ | ਡਿਪਟੀ ਕਮਿਸ਼ਨਰ ਦੇ ਦੱਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਘਰਾਂ ਦਾ ਸੂਚੀਕਰਨ ਸ਼ੁਰੂ ਹੋਵੇਗਾ | ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਹੀ ਨੀਤੀ ਨਿਰਮਾਣ ਦਾ ਆਧਾਰ ਹੈ ਅਧਿਕਾਰੀ ਇਸ ਨੂੰ ਸਮਰਪਣ ਭਾਵਨਾ ਨਾਲ ਸਫਲ ਬਣਾਉਣ |