ਮੋਗਾ, 8 ਮਈ (ਸੁਰਿੰਦਰਪਾਲ ਸਿੰਘ)-ਇਨਸਾਨੀਅਤ ਅਤੇ ਹਮਦਰਦੀ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਲੋਂ ਇਕ ਵਿਸ਼ੇਸ਼ ਨੇਕ ਉਪਰਾਲਾ ਕੀਤਾ ਗਿਆ | ਸਕੂਲ ਦੇ ਪਹਿਲੀ ਅਤੇ ਦੂਜੀ ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਮੋਗਾ ਸਥਿਤ ਰੈੱਡ ਕਰਾਸ ਸਕੂਲ ਫ਼ਾਰ ਚਿਲਡਰਨ ਵਿਦ ਸਪੈਸ਼ਲ ਨੀਡਜ਼ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਖੇਡਾਂ ਖੇਡੀਆਂ | ਬੱਚਿਆਂ ਵਿਚ ਖ਼ੁਸ਼ੀਆਂ ਵੰਡਣ ਲਈ ਸਕੂਲ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੋਹਫ਼ੇ ਵੀ ਭੇਟ ਕੀਤੇ ਗਏ | ਤੋਹਫ਼ੇ ਪ੍ਰਾਪਤ ਕਰ ਕੇ ਬੱਚਿਆਂ ਦੇ ਚਿਹਰਿਆਂ 'ਤੇ ਅਨੋਖੀ ਮੁਸਕਾਨ ਦੇਖਣ ਨੂੰ ਮਿਲੀ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਮਨਾਂ ਵਿਚ ਨਿਮਰਤਾ, ਸਤਿਕਾਰ ਅਤੇ ਹਮਦਰਦੀ ਵਰਗੇ ਗੁਣ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਇਹ ਸਿਖਾਉਣਾ ਜ਼ਰੂਰੀ ਹੈ ਕਿ ਹਰ ਇਨਸਾਨ ਖ਼ਾਸ ਹੈ ਅਤੇ ਸਾਨੂੰ ਇਕ ਦੂਜੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ | ਇਸ ਮੌਕੇ ਸਕੂਲ ਦਾ ਸਟਾਫ਼ ਅਤੇ ਅਧਿਆਪਕ ਵੀ ਹਾਜ਼ਰ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਸਮਾਜਿਕ ਜ਼ਿੰਮੇਵਾਰੀ ਬਾਰੇ ਜਾਗਰੂਕ ਕੀਤਾ | ਰੈੱਡ ਕਰਾਸ ਸਕੂਲ ਦੇ ਪ੍ਰਬੰਧਕਾਂ ਵਲੋਂ ਹੋਲੀ ਹਾਰਟ ਕਾਨਵੈਂਟ ਸਕੂਲ ਦੇ ਇਸ ਸ਼ਲਾਘਾਯੋਗ ਕਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ |