ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਸਰਕਾਰੀ ਹਾਈ ਸਕੂਲ ਝੰਡੇਆਣਾ ਪੱਛਮੀ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਪੱਧਰ ਦੀ ਵਜ਼ੀਫ਼ਾ ਪ੍ਰੀਖਿਆ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ 7 ਵਿਦਿਆਰਥੀਆਂ ਨੇ ਵਜ਼ੀਫ਼ਾ ਪ੍ਰੀਖਿਆ ਪਾਸ ਕੀਤੀ | ਇਨ੍ਹਾਂ ਵਿਚ ਰਾਜਵੀਰ ਕੌਰ, ਗੁਰਜਾਪ ਸਿੰਘ, ਕੁਲਵਿੰਦਰ ਕੌਰ, ਏਕਮਵੀਰ ਕੌਰ, ਲਵਪ੍ਰੀਤ ਸਿੰਘ, ਸੰਦੀਪ ਕੌਰ ਅਤੇ ਜਸ਼ਨਜੋਤ ਕੌਰ ਸ਼ਾਮਿਲ ਹਨ | ਇਸ ਵਿਸ਼ੇਸ਼ ਪ੍ਰਾਪਤੀ ਲਈ ਸਕੂਲ ਮੁਖੀ ਅਜੈ ਪ੍ਰਕਾਸ਼ ਅਤੇ ਸਮੂਹ ਸਟਾਫ਼ ਵਲੋਂ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਗਾਈਡ ਅਧਿਆਪਕ ਜਸਵਿੰਦਰ ਸਿੰਘ ਸਾਇੰਸ ਮਾਸਟਰ ਨੂੰ ਮੁਬਾਰਕਬਾਦ ਦਿੱਤੀ ਗਈ | ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 9ਵੀਂ ਤੋਂ 12ਵੀਂ ਜਮਾਤ ਤੱਕ 12 ਹਜ਼ਾਰ ਰੁਪਏ ਪ੍ਰਤੀ ਸਾਲ (ਕੁੱਲ 48 ਹਜ਼ਾਰ) ਵਜ਼ੀਫ਼ਾ ਮਿਲਦਾ ਹੈ | ਇਸ ਪ੍ਰੀਖਿਆ ਲਈ ਜਸਵਿੰਦਰ ਸਿੰਘ ਸਾਇੰਸ ਮਾਸਟਰ ਬੱਚਿਆਂ ਨੂੰ ਵਿਸ਼ੇਸ਼ ਤਿਆਰੀ ਕਰਵਾਉਂਦੇ ਹਨ ਅਤੇ ਹਰ ਸਾਲ ਸਕੂਲ ਦੇ ਕਈ ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰ ਕੇ ਵਜ਼ੀਫ਼ਾ ਪ੍ਰਾਪਤ ਕਰਦੇ ਹਨ |