ਮੋਗਾ, 10 ਮਈ (ਸੁਰਿੰਦਰਪਾਲ ਸਿੰਘ)-ਅਮਰੀਕਾ ਦੀ ਬਹੁਤ ਮਸ਼ਹੂਰ ਯੂਨੀਵਰਸਿਟੀ ਫੇਅਰਲੈਘ ਡਿਕਿਨਸਨ ਜਿਸ ਦਾ ਕੈਂਪਸ ਡਾਊਨ ਟਾਊਨ ਵੈਨਕੂਵਰ ਵਿਖੇ ਹੈ, ਉੱਥੇ ਪ੍ਰੋਫੈਸਰ ਦਮਨਪ੍ਰੀਤ ਸਿੰਘ ਨੂੰ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਵਿਦਿਆਰਥੀਆਂ ਨੂੰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਵਾਸਤੇ ਸਹੀ ਢੰਗ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਨ ਲਈ ਦਿੱਤਾ ਗਿਆ | ਦਮਨਪ੍ਰੀਤ ਸਿੰਘ ਨੇ ਇਸ ਕੈਂਪਸ ਵਿਚ ਬਹੁਤ ਵਿਦਿਆਰਥੀਆਂ ਨੂੰ ੂ ਪੜ੍ਹਾਈ ਕਰਵਾਈ ਹੈ ਅਤੇ ਬਹੁਤ ਵਿਦਿਆਰਥੀਆਂ ਨੂੰ ਦਾਖ਼ਲਾ ਵੀ ਦਿਵਾਇਆ ਹੈ | ਦਮਨਪ੍ਰੀਤ ਸਿੰਘ ਨੇ ਪੰਜਾਬ ਅਤੇ ਖ਼ਾਸ ਕਰ ਕੇ ਮੋਗਾ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ 'ਤੇ ਵਿਸ਼ਵਾਸ ਕੀਤਾ | ਉਸ ਨੇ ਆਪਣੀ ਧਰਮ-ਪਤਨੀ ਜਸਨੀਤ ਕੌਰ ਅਤੇ ਭਰਾ ਗਗਨਪ੍ਰੀਤ ਸਿੰਘ ਦਾ ਵੀ ਕੈਨੇਡਾ ਵਿਖੇ ਵਿਸ਼ੇਸ਼ ਤੌਰ 'ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਦਮਨਪ੍ਰੀਤ ਸਿੰਘ ਨੇ ਦੋ ਸਾਲ ਪਹਿਲਾਂ ਆਪਣੀ ਮੋਗਾ ਫੇਰੀ ਦੌਰਾਨ ਕੈਂਬਰਿਜ ਸਕੂਲ, ਬਲੂਮਿੰਗ ਬਡਜ਼ ਸਕੂਲ, ਕੈਲੇਫੋਰਨੀਆ ਸਕੂਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਮੈਂ ਭਾਵੇਂ ਇਮੀਗ੍ਰੇਸ਼ਨ ਕੰਸਲਟੈਂਟ ਹਾਂ ਪਰ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਹਾਂ ਕਿ ਤੁਸੀਂ 12ਵੀਂ ਤੋਂ ਬਾਅਦ ਬਾਹਰਲੇ ਮੁਲਕਾਂ ਵਿਚ ਪੜ੍ਹਨ ਨਹੀਂ ਜਾਣਾ, ਤੁਸੀਂ ਆਪਣੀ ਗਰੈਜੂਏਟ ਦੀ ਪੜ੍ਹਾਈ ਪੂਰੀ ਕਰ ਕੇ ਜਾਣਾ ਹੈ ਤਾਂ ਜੋ ਤੁਸੀਂ ਉੱਥੇ ਸਹੀ ਢੰਗ ਨਾਲ ਸੈਟ ਹੋ ਸਕੋ | ਦਮਨਪ੍ਰੀਤ ਸਿੰਘ ਨੇ ਆਪਣੇ ਇਸ ਅਵਾਰਡ ਨੂੰ ਆਪਣੇ ਦਾਦਾ ਸਵ: ਗੁਰਦੇਵ ਸਿੰਘ ਅਤੇ ਦਾਦੀ ਇੰਦਰਜੀਤ ਕੌਰ ਨੂੰ ਸਮਰਪਿਤ ਕੀਤਾ ਹੈ ਜਿਨ੍ਹਾਂ ਨੇ ਸਾਰੀ ਉਮਰ ਬੱਚਿਆਂ ਨੂੰ ਪੜ੍ਹਾਈ ਕਰਵਾਈ ਸੀ | ਇਸ ਮੌਕੇ ਪਿਤਾ ਦਵਿੰਦਰਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਕਿਹਾ ਕਿ ਦਮਨਪ੍ਰੀਤ ਸਿੰਘ ਵੀ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਕੈਨੇਡਾ ਵਿਖੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ | ਇਸ ਮੌਕੇ ਬੀ.ਬੀ.ਐਸ. ਦੇ ਚੇਅਰਮੈਨ ਸੰਜੀਵ ਸੈਣੀ, ਕੈਂਬਰਿਜ ਸਕੂਲ ਦੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਡਾ. ਇਕਬਾਲ ਸਿੰਘ, ਡਾ. ਗੁਰਚਰਨ ਸਿੰਘ, ਲਾਅ ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ਸੀ.ਏ., ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਡਾ. ਸੀਮਾਂਤ ਗਰਗ, ਜਗਜੀਤ ਸਿੰਘ ਧੂਰੀ ਪ੍ਰੈਜ਼ੀਡੈਂਟ ਫੈਪ, ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ ਮੋਗਾ ਅਤੇ ਮੋਗਾ ਦੇ ਐਮ.ਐਲ.ਏ. ਡਾ. ਅਮਨਦੀਪ ਕੌਰ ਅਰੋੜਾ ਨੇ ਦਮਨਪ੍ਰੀਤ ਸਿੰਘ ਨੂੰ ਮੋਗਾ ਦਾ ਨਾਂਅ ਰੌਸ਼ਨ ਕਰਨ ਲਈ ਵਧਾਈ ਦਿੱਤੀ |