ਨਿਹਾਲ ਸਿੰਘ ਵਾਲਾ, 12 ਮਈ (ਸੁਖਦੇਵ ਸਿੰਘ ਖਾਲਸਾ)-ਬੀਤੇ ਕੱਲ੍ਹ ਦੁਪਹਿਰੋਂ ਬਾਅਦ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਾਮਾ, ਕੁੱਸਾ, ਬੌਡੇ, ਨੰਗਲ, ਲੁਹਾਰਾ, ਤਖਤੂਪੁਰਾ, ਬਿਲਾਸਪੁਰ, ਮਾਛੀਕੇ, ਧੂੜਕੋਟ ਰਣਸੀਂਹ ਆਦਿ ਪਿੰਡਾਂ 'ਚ ਬਹੁਤ ਜ਼ਬਰਦਸਤ ਤੇਜ਼ ਤੂਫਾਨ ਅਤੇ ਮੀਂਹ ਨਾਲ ਆਏ ਗੜਿਆਂ ਕਾਰਨ ਜਿੱਥੇ ਸੈਂਕੜੇ ਏਕੜ ਮੱਕੀ, ਮੂੰਗੀ, ਸਬਜ਼ੀਆਂ ਅਤੇ ਪਸ਼ੂਆਂ ਦੇ ਹਰੇ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਹਰ ਪਾਸੇ ਖੌਫਨਾਕ ਮੰਜਰ ਦੇਖਣ ਹੈ ਮਿਲਿਆ ਉੱਥੇ ਸੜਕਾਂ 'ਤੇ ਡਿੱਗੇ ਅਨੇਕਾਂ ਦਰਖਤਾਂ ਕਾਰਨ ਆਵਾਜਾਈ ਬਿਲਕੁਲ ਠੱਪ ਹੋ ਗਈ ਅਤੇ ਝੱਖੜ ਨੇ ਬਿਜਲੀ ਸਪਲਾਈ ਵਾਲੇ ਖੰਭੇ, ਟਰਾਂਸਫਾਰਮਰ ਜੜੋਂ੍ਹ ਉਖਾੜ ਕੇ ਸੁੱਟ ਦਿੱਤੇ ਜਿਸ ਨਾਲ ਕਈ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋਣ ਨਾਲ ਲੋਕਾਂ ਦਾ ਜਨਜੀਵਨ ਰੁਕਿਆ ਹੋਇਆ ਹੈ | ਇਸ ਭਿਆਨਕ ਤਬਾਹੀ ਸਬੰਧੀ ਜਾਣਕਾਰੀ ਲਈ ਜਦੋਂ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਪੀੜਤ ਕਿਸਾਨਾਂ ਤੱਕ ਪਹੁੰਚ ਕੀਤੀ ਗਈ ਤਾਂ ਕਿਸਾਨ ਭਰੇ ਮਨ ਨਾਲ ਦੱਸ ਰਹੇ ਸਨ ਫਸਲਾਂ ਦੀ ਬਰਬਾਦੀ ਦਾ ਮੰਜਰ ਸਾਥੋਂ ਦੇਖਿਆ ਨਹੀਂ ਜਾ ਰਿਹਾ ਤੇ ਸਾਡੇ ਘਰਾਂ 'ਚ ਚੁੱਲ੍ਹੇ ਤੱਕ ਨਹੀਂ ਬਲੇ ਕਿਉਂਕਿ ਤੇਜ਼ ਤੂਫਾਨ ਨੇ ਉਨ੍ਹਾਂ ਦਾ ਸਭ ਕੁਝ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ | ਪਿੰਡ ਧੂੜਕੋਟ ਰਣਸੀਂਹ ਦੇ ਕਿਸਾਨ ਬੂਟਾ ਸਿੰਘ, ਗੁਰਦੀਪ ਸਿੰਘ, ਕੁਲਵੀਰ ਸਿੰਘ, ਬਲਜੀਤ ਸਿੰਘ, ਵੀਰ ਸਿੰਘ, ਗੁਰਦਿਆਲ ਸਿੰਘ, ਗੁਰਭੇਜ ਸਿੰਘ, ਸੁਖਜੀਤ ਸਿੰਘ, ਚਰਨਜੀਤ ਸਿੰਘ, ਲਖਵਿੰਦਰ ਸਿੰਘ, ਹਰਪਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਚਾਰ ਪੰਜ ਸੌ ਏਕੜ ਮੰੂਗੀ ਅਤੇ ਮੱਕੀ ਦੀ ਫਸਲ ਬਿਲਕੁਲ ਤਬਾਹ ਹੋ ਚੁੱਕੀ ਹੈ | ਉਕਤ ਪੀੜਤ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਤੀਹਰੀ ਵਾਰ ਫਸਲਾਂ ਦਾ ਨੁਕਸਾਨ ਹੋ ਚੱੁਕਿਆ ਹੈ ਪਰ ਸੂਬੇ ਦਾ ਮੁੱਖ ਮੰਤਰੀ ਮੁਆਵਜ਼ਾ ਦੇਣ ਦੇ ਚੁਟਕਲੇ ਸੁਣਾ ਕੇ ਕਿਸਾਨਾਂ ਦੇ ਜ਼ਖਮਾਂ ਨੂੰ ਕੁਰੇਦ ਰਿਹਾ ਹੈ | ਉਕਤ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਮਹਿੰਗੇ ਭਾਅ 'ਤੇ ਠੇਕੇ ਲਈ ਜ਼ਮੀਨ 'ਚ ਉਨ੍ਹਾਂ ਨੇ ਮੂੰਗੀ ਦੀ ਦੂਸਰੀ ਵਾਰ ਬਿਜਾਈ ਕੀਤੀ ਸੀ ਕਿਉਂਕਿ ਕੁਝ ਸਮਾਂ ਪਹਿਲਾਂ ਪਏ ਮੀਂਹ ਨੇ ਪਹਿਲੀ ਵਾਰ ਬੀਜੀ ਮੰੂਗੀ ਦੀ ਬਿਜਾਈ ਨੂੰ ਕਰੰਡ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਇਸ ਵਾਰ ਦੀ ਤਬਾਹੀ ਨੇ ਤਾਂ ਖੇਤਾਂ ਅੰਦਰ ਕੁਝ ਵੀ ਨਹੀਂ ਛੱਡਿਆ ਇੱਥੋਂ ਤੱਕ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਵੀ ਖਤਮ ਹੋ ਗਿਆ ਹੈ | ਇਸੇ ਤਰ੍ਹਾਂ ਪਿੰਡ ਲੁਹਾਰਾ ਵਿਖੇ 70-75 ਏਕੜ 'ਚ ਸਬਜ਼ੀ ਦੀ ਭਿਆਨਕ ਤਬਾਹੀ ਕਾਰਨ ਸਬਜ਼ੀ ਕਾਸ਼ਤਕਾਰਾਂ ਸਤਪਾਲ ਸਿੰਘ, ਕੇਵਲ ਸਿੰਘ, ਕਾਕਾ ਸਿੰਘ, ਮੈਂਗਲ ਸਿੰਘ, ਗੁਰਮੇਲ ਸਿੰਘ, ਧਰਮਾਂ ਸਿੰਘ ਬਿੰਦਰ ਸਿੰਘ ਆਦਿ ਨੇ ਆਪਣਾ ਦੁੱਖੜਾ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਚਾਰ ਕੁ ਮਹੀਨੇ ਲਈ 70-75 ਏਕੜ ਜ਼ਮੀਨ ਕਿਸਾਨ ਗੁਰਲਾਲ ਸਿੰਘ ਤੋਂ ਲੈ ਕੇ ਕੱਦੂ, ਪੇਠਾ, ਕਰੇਲੇ, ਬੈਂਗਣੀ, ਤਰਾਂ, ਤੋਰੀ, ਭਿੰਡੀ, ਹਰੀ ਮਿਰਚ, ਚਿੱਬੜ, ਟਮਾਟਰ, ਸੈਂਚਰੀ, ਗੁਆਰਾ, ਚੌਲੇ ਆਦਿ ਸਬਜ਼ੀਆਂ ਦੀ ਵੱਡੀ ਪੱਧਰ 'ਤੇ ਕਾਸ਼ਤ ਕੀਤੀ ਸੀ | ਇਸ ਦਾ ਖਰਚਾ ਚਾਲੀ ਤੋਂ ਪੰਜਾਹ ਹਜ਼ਾਰ ਪ੍ਰਤੀ ਏਕੜ ਖਰਚਾ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕਾਸ਼ਤ ਕੀਤੀ ਗਈ ਸਬਜ਼ੀ ਦੀ ਫਸਲ ਬਿਲਕੁਲ ਤਿਆਰ ਹੋ ਚੁੱਕੀ ਸੀ ਅਤੇ ਕੱਲ੍ਹ ਹੀ ਗੱਡੀਆਂ ਲੋਡ ਕਰਕੇ ਮੰਡੀ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਅਚਾਨਕ ਦੁਪਹਿਰੋਂ ਬਾਅਦ ਤੇਜ਼ ਝੱਖੜ, ਮੀਂਹ ਅਤੇ ਭਾਰੀ ਗੜੇਮਾਰੀ ਨੇ ਉਨ੍ਹਾਂ ਦਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਹੈ | ਇਸ ਮੌਕੇ ਕਿਸਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਪੀੜਤ ਕਿਸਾਨਾਂ ਦੀ ਹਰ ਪੱਖ ਤੋਂ ਮਦਦ ਕਰਨਗੇ ਤਾਂ ਕਿ ਉਨ੍ਹਾਂ ਦੇ ਇਸ ਦਰਦ ਨੂੰ ਘਟਾਇਆ ਜਾ ਸਕੇ | ਉਕਤ ਪੀੜਤ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਖਿਲਾਫ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੇ ਤਾਂ ਉਨ੍ਹਾਂ ਨਾਲ ਦਰਦ ਵੰਡਾਉਣ ਤੋਂ ਵੀ ਪਾਸਾ ਵੱਟ ਲਿਆ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਪੱੁਜ ਕੇ ਹਲਕੇ ਦੇ ਉਕਤ ਪਿੰਡਾਂ 'ਚ ਹੋਏ ਨੁਕਸਾਨ ਦਾ ਜਾਇਜਾ ਲੈਂਦੇ ਹੋਏ ਪੀੜਤ ਕਿਸਾਨਾਂ ਦਾ ਦਰਦ ਵੰਡਾਉਂਦਿਆਂ ਕਿਹਾ ਕਿ ਕੁਦਰਤ ਦੀ ਹੋਈ ਕਰੋਪੀ ਸਬੰਧੀ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਾਣੰੂ ਕਰਵਾ ਦਿੱਤਾ ਗਿਆ ਹੈ ਤੇ ਉਨ੍ਹਾਂ ਵਲੋਂ ਤੁਰੰਤ ਮੋਗਾ ਦੇ ਡੀ.ਸੀ. ਸਾਗਰ ਸੇਤੀਆ ਨਾਲ ਸੰਪਰਕ ਕਰਕੇ ਨੁਕਸਾਨੀਆਂ ਗਈਆਂ ਫਸਲਾਂ ਅਤੇ ਸਬਜ਼ੀਆਂ ਦਾ ਯੋਗ ਮੁਆਵਜ਼ਾ ਦੇਣ ਸਬੰਧੀ ਅਪੀਲ ਕੀਤੀ ਗਈ ਹੈ | ਉਨ੍ਹਾਂ ਸੂਬਾ ਸਰਕਾਰ ਪਾਸੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਘੱਟੋ-ਘੱਟ ਇਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਬਾਵਰੀਆ ਸਮਾਜ ਦੇ ਪ੍ਰਧਾਨ ਡਾ. ਅਮਰਜੀਤ ਸਿੰਘ, ਯੂਥ ਆਗੂ ਜਸਦੀਪ ਸਿੰਘ ਡਾਲਾ, ਬਲਜਿੰਦਰ ਸਿੰਘ ਬੁੱਟਰ ਆਦਿ ਹਾਜ਼ਰ ਸਨ |