ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਜਿਹੜੇ ਵਾਹਨਾਂ ਦੇ ਚਲਾਨਾਂ ਨੂੰ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਜਮਾਂ ਨਹੀਂ ਕਰਵਾਇਆ ਜਾਂਦਾ ਉਨ੍ਹਾਂ ਨੂੰ ਟਰਾਂਸਪੋਰਟ ਦਫ਼ਤਰ ਵਲੋਂ ਬਲੈਕ ਲਿਸਟ ਕਰ ਦਿੱਤਾ ਜਾਂਦਾ ਹੈ ਅਤੇ ਪੁਲਿਸ ਵਿਭਾਗ ਵਲੋਂ ਅਜਿਹੇ ਵਾਹਨਾਂ ਨੂੰ ਸੂਚਨਾ ਦੇ ਕੇ ਜ਼ਬਤ ਕਰਨ ਲਈ ਕਾਰਵਾਈ ਕੀਤੀ ਜਾਂਦੀ ਹੈ | ਇਹ ਪ੍ਰਗਟਾਵਾ ਰਿਜਨਲ ਟਰਾਂਸਪੋਰਟ ਅਫ਼ਸਰ ਮੋਗਾ ਸੂਰਜ ਕੁਮਾਰ ਪੀ.ਸੀ.ਐਸ. ਨੇ ਕਰਦਿਆਂ ਕਿਹਾ ਕਿ ਮੋਗਾ ਜ਼ਿਲੇ੍ਹ ਨਾਲ ਸਬੰਧਿਤ ਵਿਅਕਤੀ ਜਿਨ੍ਹਾਂ ਨੇ ਆਪਣੇ ਵਾਹਨਾਂ ਦੇ ਚਲਾਨਾਂ ਨੂੰ ਤਿੰਨ ਮਹੀਨੇ ਗੁਜ਼ਰਨ ਦੇ ਬਾਅਦ ਵੀ ਜਮਾਂ ਨਹੀਂ ਕਰਵਾਇਆ ਉਹ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਚਲਾਨਾਂ ਨੂੰ ਜਮਾਂ ਕਰਵਾਉਣ | ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਅਜਿਹੇ ਵਾਹਨ ਮਿਲਦੇ ਹਨ ਤਾਂ ਉਨ੍ਹਾਂ ਉੱਪਰ ਕਾਨੂੰਨੀ ਕਰਵਾਈ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਆਪਣੇ ਵਾਹਨਾਂ ਨੂੰ ਜ਼ਬਤ ਹੋਣ ਤੋਂ ਬਚਾਉਣ ਲਈ ਜਲਦ ਤੋਂ ਜਲਦ ਆਪਣੇ ਬਕਾਇਆ ਚਲਾਨ ਜਮਾਂ ਕਰਵਾਏ ਜਾਣ | ਜ਼ਿਕਰਯੋਗ ਹੈ ਕਿ ਪੈਡਿੰਗ ਚਲਾਨਾਂ ਦੀ ਸੂਚਨਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਸੂਚਨਾ ਬੋਰਡ, ਆਰ.ਟੀ.ਓ. ਦਫ਼ਤਰ ਅਤੇ ਐਸ.ਐਸ.ਪੀ. ਦਫ਼ਤਰ ਵਿਖੇ ਪ੍ਰਕਾਸ਼ਿਤ ਕੀਤੀ ਗਈ ਹੈ |