ਮੋਗਾ, 31 ਮਈ (ਸੁਰਿੰਦਰਪਾਲ ਸਿੰਘ)-ਪੈਟਰੋਲ ਡੀਜ਼ਲ ਦੀਆਂ ਅਸਮਾਨ ਛੰੂਹਦੀਆਂ ਕੀਮਤਾਂ ਆਮ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਮੋਗਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਨਾਲ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ | ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਵਿਚ ਡੀਜ਼ਲ 12 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ | ਅੱਜ ਡੀਜ਼ਲ 98 ਰੁਪਏ ਲੀਟਰ ਨੂੰ ਪਾਰ ਕਰ ਗਿਆ ਹੈ | ਟਰੈਕਟਰ, ਟਿਊਬਵੈੱਲ, ਕੰਬਾਈਨ ਹਰ ਚੀਜ਼ ਡੀਜ਼ਲ ਨਾਲ ਚੱਲਦੀ ਹੈ | ਸਾਉਣੀ ਦੀ ਬਿਜਾਈ ਸਿਰ 'ਤੇ ਹੈ ਤੇ ਸਰਕਾਰ ਨੇ ਡੀਜ਼ਲ ਕੀਮਤਾਂ ਵਧਾ ਕੇ ਵੱਡਾ ਬੋਝ ਪਾ ਦਿੱਤਾ ਹੈ | ਹਰ ਕਿਸਾਨ ਨੂੰ ਸਾਲਾਨਾ 1000 ਲੀਟਰ ਡੀਜ਼ਲ 'ਤੇ 30 ਰੁਪਏ ਪ੍ਰਤੀ ਲੀਟਰ ਸਿੱਧੀ ਸਬਸਿਡੀ ਦਿੱਤੀ ਜਾਵੇ, ਪੈਟਰੋਲ-ਡੀਜ਼ਲ ਨੂੰ ਜੀ.ਐਸ.ਟੀ. ਅਧੀਨ ਲਿਆਂਦਾ ਜਾਵੇ ਤਾਂ ਜੋ ਪੂਰੇ ਦੇਸ਼ ਵਿਚ ਇਕ ਰੇਟ ਹੋਵੇ | ਪ੍ਰਧਾਨ ਖਾਈ ਨੇ ਕਿਹਾ ਕਿ ਕਿਸਾਨਾਂ ਤੋਂ ਇਲਾਵਾ ਟਰਾਂਸਪੋਰਟਰਾਂ, ਵਾਪਰੀਆਂ ਅਤੇ ਆਮ ਲੋਕਾਂ 'ਤੇ ਵੀ ਵੱਡਾ ਬੋਝ ਪਿਆ ਹੈ |