ਧਰਮਕੋਟ, 1 ਜੂਨ (ਪਰਮਜੀਤ ਸਿੰਘ)-ਧਰਮਕੋਟ ਬਾਈਪਾਸ ਨੇੜੇ ਇਕ ਵਾਰ ਫਿਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਅਤੇ ਸੜਕ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਪਿੰਡ ਜਲਾਲਾਬਾਦ ਤੋਂ ਇੱਟਾਂ ਲੈ ਕੇ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਟਰੱਕ ਨੰਬਰ ਐਚ ਪੀ 55 ਏ 4585 ਜਦੋਂ ਧਰਮਕੋਟ ਬਾਈਪਾਸ ਕੋਲ ਪੁੱਜਿਆ ਤਾਂ ਸੜਕ ਪਾਰ ਕਰ ਰਹੇ ਇਕ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ | ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਆਪਣੇ ਵਾਹਨ ਸਮੇਤ ਟਰੱਕ ਦੇ ਹੇਠਾਂ ਫਸ ਗਿਆ | ਮੌਕੇ 'ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਨੇ ਮੁਸ਼ਕਲ ਨਾਲ ਉਸ ਨੂੰ ਟਰੱਕ ਹੇਠੋਂ ਬਾਹਰ ਕੱਢਿਆ ਅਤੇ ਤੁਰੰਤ ਇਲਾਜ ਲਈ ਮੋਗਾ ਦੇ ਹਸਪਤਾਲ ਭੇਜਿਆ, ਜ਼ਖ਼ਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪੀ.ਸੀ.ਆਰ. ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਹ ਪਹਿਲਾ ਹਾਦਸਾ ਨਹੀਂ...ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਰਮਕੋਟ ਬਾਈਪਾਸ ਦਾ ਇਹ ਪੁਆਇੰਟ ਲੰਮੇ ਸਮੇਂ ਤੋਂ ਹਾਦਸਿਆਂ ਦਾ ਕੇਂਦਰ ਬਣਿਆ ਹੋਇਆ ਹੈ | ਇੱਥੇ ਪਹਿਲਾਂ ਵੀ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ | ਲੋਕਾਂ ਵਲੋਂ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਇਸ ਥਾਂ 'ਤੇ ਇਕ ਸੁਰੱਖਿਅਤ ਚੌਂਕ ਜਾਂ ਟ੍ਰੈਫਿਕ ਪ੍ਰਬੰਧ ਬਣਾਏ ਜਾਣ ਤਾਂ ਜੋ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਸੜਕ ਪਾਰ ਕਰਨ ਵਿਚ ਸਹੂਲਤ ਮਿਲ ਸਕੇ ਪਰ ਅਫ਼ਸੋਸ ਦੀ ਗੱਲ ਹੈ ਕਿ ਲਗਾਤਾਰ ਹੋ ਰਹੇ ਹਾਦਸਿਆਂ ਅਤੇ ਲੋਕਾਂ ਦੀਆਂ ਮੰਗਾਂ ਦੇ ਬਾਵਜੂਦ ਪ੍ਰਸ਼ਾਸਨ ਨੇ ਇਸ ਵੱਲ ਕੋਈ ਠੋਸ ਕਦਮ ਨਹੀਂ ਚੁੱਕਿਆ | ਨਤੀਜੇ ਵਜੋਂ ਇਹ ਥਾਂ ਹਰ ਵੇਲੇ ਕਿਸੇ ਨਾ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣੀ ਰਹਿੰਦੀ ਹੈ | ਇਲਾਕਾ ਵਾਸੀਆਂ ਨੇ ਇਕ ਵਾਰ ਫਿਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋਰ ਜਾਨਾਂ ਜਾਣ ਤੋਂ ਪਹਿਲਾਂ ਇਸ ਖ਼ਤਰਨਾਕ ਪੁਆਇੰਟ 'ਤੇ ਤੁਰੰਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਸਥਾਈ ਹੱਲ ਕੱਢਿਆ ਜਾਵੇ |