ਮੋਗਾ, 21 ਜੂਨ (ਗੁਰਤੇਜ ਸਿੰਘ ਬੱਬੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਮੋਗਾ ਡਾ. ਅਸ਼ੋਕ ਸਿੰਗਲਾ ਦੀ ਅਗਵਾਈ ਹੇਠ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ, ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਇਮਰੀ ਹੈਲਥ ਸੈਂਟਰਾਂ, ਸਬ ਸੈਂਟਰਾਂ ਅਤੇ ਆਮ ਆਦਮੀ ਕਲੀਨਿਕਾਂ ਵਿਖੇ ਯੋਗਾ ਸੈਸ਼ਨ ਆਯੋਜਿਤ ਕੀਤੇ ਗਏ। ਇਸ ਮੌਕੇ ਸਿਹਤ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਭਾਗ ਲੈਂਦਿਆਂ ਵੱਖ-ਵੱਖ ਯੋਗ ਆਸਨ ਅਤੇ ਪ੍ਰਾਣਾਯਾਮ ਕੀਤੇ। ਸਿਵਲ ਸਰਜਨ ਡਾ. ਸਿੰਗਲਾ ਨੇ ਕਿਹਾ ਕਿ ਯੋਗ ਸਾਡੀ ਪ੍ਰਾਚੀਨ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਨਿਯਮਿਤ ਯੋਗ ਕਰਨ ਨਾਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਅਤੇ ਤਣਾਅ ਤੋਂ ਰਾਹਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸਿਹਤਮੰਦ ਅਤੇ ਤੰਦਰੁਸਤ ਜੀਵਨ ਲਈ ਨਿਯਮਿਤ ਯੋਗ ਕਰਨ ਦੀ ਅਪੀਲ ਕੀਤੀ। ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਗਏ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਯੋਗ ਮਾਹਿਰਾਂ ਵਲੋਂ ਯੋਗ ਦੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਬਲਾਕ ਡਰੋਲੀ ਭਾਈ ਬਲਾਕ ਪੱਤੋ ਹੀਰਾ ਸਿੰਘ ਸਿੰਘ ਬਲਾਕ ਠੱਠੀ ਭਾਈ, ਬਾਘਾ ਪੁਰਾਣਾ ਬੱਧਨੀ, ਸਿਵਲ ਹਸਪਤਾਲ ਮੋਗਾ, ਧਰਮਕੋਟ ਤੇ ਨਿਹਾਲ ਸਿੰਘ ਵਾਲਾ ਵਿਖੇ ਮਨਾਇਆ ਗਿਆ।
ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਨਿਹਾਲ ਸਿੰਘ ਵਾਲਾ ਵਿਖੇ ਕੌਮਾਂਤਰੀ ਯੋਗਾ ਦਿਵਸ ਮਨਾਇਆ
ਨਿਹਾਲ ਸਿੰਘ ਵਾਲਾ, 21 ਜੂਨ (ਸੁਖਦੇਵ ਸਿੰਘ ਖ਼ਾਲਸਾ)-ਐਸ.ਡੀ.ਐਮ. ਗਗਨਦੀਪ ਸਿੰਘ ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਨਿਹਾਲ ਸਿੰਘ ਵਾਲਾ ਵਿਖੇ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਬਲਜੀਤ ਸ਼ਰਮਾ ਇੰਸਟਰਕਟਰ ਵਲੋਂ ਹਾਜ਼ਰ ਵੱਖ-ਵੱਖ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਯੋਗਾ ਅਭਿਆਸ ਦਾ ਅਰੰਭ �ਮ ਸ਼ਬਦ ਦੇ ਉਚਾਰਨ ਨਾਲ ਅਰੰਭ ਕਰਦਿਆਂ ਯੋਗਾ ਦੇ ਵੱਖ-ਵੱਖ ਆਸਣ ਕਰਵਾ ਕੇ ਤੰਦਰੁਸਤ ਰਹਿਣ ਦੇ ਗੁਣ ਦੱਸੇ ਗਏ। ਉਨ੍ਹਾਂ ਯੋਗਾ ਅਭਿਆਸ ਕਰਵਾਉਂਦਿਆਂ ਦੱਸਿਆ ਕਿ ਸਿਹਤ ਦੀ ਤੰਦਰੁਸਤੀ ਲਈ ਸਾਨੂੰ ਰੋਜ਼ਾਨਾ ਮਜਬੂਰੀ ਵੱਸ ਨਹੀਂ ਬਲਕਿ ਜ਼ਰੂਰੀ ਤੌਰ ‘ਤੇ ਯੋਗਾ ਕਰਨ ਦੀ ਲੋੜ ਹੈ ਤਾਂ ਕਿ ਭਵਿੱਖ ‘ਚ ਸਰੀਰ ਨੂੰ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਯੋਗਾ ਅਭਿਆਸ ਦੇ ਅੰਤ ‘ਚ ਐਸ.ਡੀ.ਐਮ. ਗਗਨਦੀਪ ਸਿੰਘ ਨੇ ਸ਼ਾਮਿਲ ਹੋਣ ਵਾਲੇ ਵੱਖ-ਵੱਖ ਅਧਿਕਾਰੀਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਇਸ ਯੋਗਾ ਅਭਿਆਸ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੀ ਸਿਹਤ ਦੀ ਤੰਦਰੁਸਤੀ ਲਈ ਰੋਜ਼ਾਨਾ 10-15 ਮਿੰਟ ਵੱਖ-ਵੱਖ ਸਰੀਰਕ ਕਸਰਤਾਂ ਕਰਨੀਆਂ ਸ਼ੁਰੂ ਕਰ ਦੇਈਏ ਤਾਂ ਸਾਡੇ ਲਈ ਇਹ ਮਨਾਇਆ ਗਿਆ ਯੋਗਾ ਦਿਵਸ ਸਫਲ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਕੋਈ ਵੀ ਖ਼ਜ਼ਾਨਾ ਸਰੀਰ ਦੀ ਤੰਦਰੁਸਤੀ ਦੀ ਥਾਂ ਨਹੀਂ ਲੈ ਸਕਦਾ। ਇਸ ਮੌਕੇ ਨਾਇਬ ਤਹਿਸੀਲਦਾਰ ਬਲਜੀਤ ਸਿੰਘ, ਕਾਰਜਸਾਧਕ ਅਫ਼ਸਰ ਦਵਿੰਦਰ ਸਿੰਘ ਤੂਰ, ਐਸ.ਡੀ.ਐਮ. ਰੀਡਰ ਅਮਰਜੀਤ ਸਿੰਘ ਬਰਾੜ, ਸੁਪਰਡੈਂਟ ਸਤਿੰਦਰਜੀਤ ਕੌਰ, ਮੈਡੀਕਲ ਅਫ਼ਸਰ ਡਾ. ਉਪਵਨ ਚੁਬੇਰਾ, ਪਵਨ ਕੁਮਾਰ ਬੰਟੀ, ਸੁਤੰਤਰ ਰਾਏ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਦੀਨਾਂ, ਕਾਂਵੜ ਸੰਘ ਦੇ ਨਰੇਸ਼ ਗੋਇਲ, ਰਾਮ ਲਾਲ ਜੈਨ, ਪ੍ਰਧਾਨ ਗੁਰਮੇਲ ਸਿੰਘ, ਹਰਦੀਪ ਸਿੰਘ ਆਦਿ ਤੋਂ ਇਲਾਵਾ ਸ਼ਹਿਰ ਵਾਸੀ ਯੋਗਾ ਅਭਿਆਸ ਦਿਵਸ ‘ਚ ਸ਼ਾਮਲ ਹੋਏ।
ਹੇਮਕੁੰਟ ਸਕੂਲ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਕੋਟ ਈਸੇ ਖਾਂ, 21 ਜੂਨ (ਗੁਰਮੀਤ ਸਿੰਘ ਖ਼ਾਲਸਾ)-ਸਿੱਖਿਆ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਦੀ ਨਾਮਵਰ ਤੇ ਪੁਰਾਣੀ ਸੰਸਥਾ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਬਹੁਤ ਹੀ ਉਤਸ਼ਾਹ ਪੂਰਵਕ ‘’ਅੰਤਰਰਾਸ਼ਟਰੀ ਯੋਗਾ ਦਿਵਸ’’ ਮਨਾਇਆ ਗਿਆ। ਅਧਿਆਪਕਾਂ ਦੀ ਦੇਖ-ਰੇਖ ਅਧੀਨ ਐਨ.ਐਸ.ਐਸ. ਅਤੇ ਐਨ.ਸੀ.ਸੀ. ਕੈਂਡਿਟਸ ਸਮੇਤ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਯੋਗ ਅਭਿਆਸਾਂ ਵਿਚ ਭਾਗ ਲੈਂਦਿਆਂ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕੀਤਾ। ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਯੋਗਾ ਸਰੀਰਕ ਤੰਦਰੁਸਤੀ, ਮਾਨਸਿਕ ਸ਼ਾਂਤੀ ਅਤੇ ਸਕਾਰਾਤਮਿਕ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਵਿਦਿਆਰਥੀਆਂ ਨੇ ਪ੍ਰਾਣਾਯਾਮ, ਭੁਜੰਗਾਸਨ, ਵਜਰਾਸਨ ਅਤੇ ਹੋਰ ਯੋਗ ਕਿਰਿਆਵਾਂ ਦਾ ਅਭਿਆਸ ਕੀਤਾ। ਇਸ ਸਮਾਗਮ ਦੀ ਸਮੁੱਚੀ ਦੇਖ-ਰੇਖ ਦਵਿੰਦਰ ਕੌਰ ਵਲੋਂ ਕੀਤੀ ਗਈ, ਜਦ ਕਿ ਪ੍ਰੋਗਰਾਮ ਦੀ ਇੰਚਾਰਜ ਯਾਦਵਿੰਦਰ ਕੌਰ ਰਹੇ। ਇਸ ਮੌਕੇ ਰੁਪਿੰਦਰ ਕੌਰ, ਮਨਪ੍ਰੀਤ ਕੌਰ, ਰਾਜਵੀਰ ਕੌਰ, ਕਾਜਲ, ਰਾਜਪਾਲ, ਸਿਮਰਨਜੀਤ, ਰਮਨਦੀਪ ਕੌਰ, ਯਾਦਵਿੰਦਰ ਕੌਰ, ਯਾਦਵਿੰਦਰ ਸਿੰਘ, ਮਹੇਸ਼ ਕੁਮਾਰ, ਹਰਜੀਤ ਕੌਰ, ਐਨ.ਐੱਸ.ਐਸ. ਪ੍ਰੋਗਰਾਮ ਅਫ਼ਸਰ ਅਮੀਰ ਸਿੰਘ, ਸੁਰਿੰਦਰ ਕੌਰ, ਅਮਨਦੀਪ, ਕੋਮਲ ਨੇ ਆਪਣੀਆਂ ਡਿਊਟੀਆਂ ਬਾਖ਼ੂਬੀ ਨਿਭਾਉਂਦਿਆਂ ਸਮਾਗਮ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਯੋਗਾ ਸਿਰਫ਼ ਇਕ ਕਸਰਤ ਨਹੀਂ, ਸਗੋਂ ਜੀਵਨ ਸ਼ੈਲੀ ਹੈ ਜੋ ਮਨੁੱਖ ਨੂੰ ਤੰਦਰੁਸਤ, ਖ਼ੁਸ਼ ਅਤੇ ਆਤਮਵਿਸ਼ਵਾਸੀ ਬਣਾਉਂਦੀ ਹੈ। ਵਿਦਿਆਰਥੀਆਂ ਨੂੰ ਹਰ ਰੋਜ਼ ਕੁਝ ਸਮਾਂ ਯੋਗਾ ਲਈ ਜ਼ਰੂਰ ਕੱਢਣਾ ਚਾਹੀਦਾ ਹੈ। ਪ੍ਰਿੰਸੀਪਲ ਰਮਨਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਸਾਡੀ ਪ੍ਰਾਚੀਨ ਵਿਰਾਸਤ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਯੋਗਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਾਰੇ ਵਿਦਿਆਰਥੀਆਂ ਨੇ ਨਿਯਮਿਤ ਯੋਗਾ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੰਕਲਪ ਲਿਆ।
ਜ਼ਿਲ੍ਹੇ ਅੰਦਰ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਅਜੀਤ ਡੈਸਕ
22-06-2026