ਅਜੀਤਵਾਲ, 12 ਜੁਲਾਈ (ਹਰਦੇਵ ਸਿੰਘ ਮਾਨ)-ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਗਰ ਮੱਦੋਕੇ ਵਿਖੇ ਆਗਮਨ ਦੀ ਖ਼ੁਸ਼ੀ ਵਿਚ 100ਵੇਂ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਵੱਡੇ ਉਪਰਾਲੇ ਨਾਲ ਇਲਾਕਾ ਨਿਵਾਸੀ ਸੰਗਤਾਂ ਅਤੇ ਸਮੂਹ ਸੰਗਤ ਪਿੰਡ ਮੱਦੋਕੇ ਦੀ ਸੇਵਾ ਸਦਕਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂਸਰ ਮੱਦੋਕੇ ਤੋਂ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੀ ਸੁੰਦਰ ਪਾਲਕੀ ਨਾਲ ਵੱਡੀ ਗਿਣਤੀ ਵਾਹਨਾਂ ਵਿਚ ਵਿਸ਼ਾਲ ਇਕੱਠ ਸੰਗਤਾਂ ਨਾਲ ਨਗਰ ਕੀਰਤਨ ਮੱਦੋਕੇ ਤੋਂ ਆਰੰਭ ਹੋ ਕੇ ਪਿੰਡ ਦੌਧਰ, ਢੁੱਡੀਕੇ, ਚੂਹੜਚੱਕ, ਨਵਾਂ ਚੂਹੜਚੱਕ, ਕਿਲੀ ਚਾਹਲ, ਅਜੀਤਵਾਲ, ਮਟਵਾਣੀ, ਨੱਥੂਵਾਲਾ ਝੰਡੇਆਣਾ, ਤਖਾਣਵੱਧ, ਬੁੱਟਰ ਤੋਂ ਵਾਪਸ ਗੁਰਦੁਆਰਾ ਗੁਰੂਸਰ ਮੱਦੋਕੇ ਵਿਖੇ ਸਮਾਪਤੀ ਹੋਈ। ਸਾਰੇ ਨਗਰਾਂ ਵਿਚ ਗੁਰੂ ਸਾਹਿਬ ਦੇ ਸਤਿਕਾਰ ਲਈ ਸਜਾਵਟਾਂ ਕਰਕੇ ਨਗਰ ਕੀਰਤਨ ਦਾ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ। ਕਸਬਾ ਅਜੀਤਵਾਲ ਵਿਖੇ ਪਹੁੰਚਣ ਤੇ ਡੇਰਾ ਸਮਾਧਾਂ ਬਾਬਾ ਖਜਾਨ ਸਿੰਘ ਨਿਰਮਲ ਆਸ਼ਰਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਵਲੋਂ ਨਗਰ ਨਿਵਾਸੀ ਸੰਗਤਾਂ ਦੇ ਨਾਲ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਗੁਰੂ ਕੇ ਲੰਗਰ ਵਰਤਾਏ ਗਏ। ਮਹਾਂਪੁਰਸ਼ਾਂ ਵਲੋਂ ਪੰਜ ਪਿਆਰੇ ਸਾਹਿਬਾਨਾਂ ਸਮੇਤ ਆਈਆਂ ਸਾਰੀਆਂ ਅਹਿਮ ਸ਼ਖ਼ਸੀਅਤਾਂ ਦਾ ਗੁਰੂ ਕੀ ਬਖ਼ਸ਼ਿਸ਼ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਰਾਗੀ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਗਿਆ। ਫੁੱਲਾਂ ਦੀ ਵਰਖਾ ਗਤਕਾ ਪਾਰਟੀਆਂ ਦੇ ਜੌਹਰ ਅਤੇ ਪ੍ਰਿੰਸੀਪਲ ਪਰਵਿੰਦਰ ਕੌਰ ਨਾਲ ਸਮੂਹ ਸਟਾਫ਼ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਮੱਦੋਕੇ ਦੇ ਬੱਚਿਆਂ ਦੀਆਂ ਵੱਖ-ਵੱਖ ਧਾਰਮਿਕ ਪੇਸ਼ਕਾਰੀਆਂ ਨੇ ਨਗਰ ਕੀਰਤਨ ਦੀ ਸੋਭਾ ਵਿਚ ਸ਼ਰਧਾ ਨਾਲ ਹਾਜ਼ਰੀਆਂ ਲਵਾਈਆਂ। ਪ੍ਰਧਾਨ ਸੁਖਮੰਦਰ ਸਿੰਘ ਮੱਦੋਕੇ ਨੇ ਇਲਾਕੇ ਦੇ ਨਗਰਾਂ ਵਿਚ ਮਿਲੇ ਸਹਿਯੋਗ ਅਤੇ ਸੇਵਾ ਲਈ ਉੱਗੀਆਂ ਧਾਰਮਿਕ ਸ਼ਖ਼ਸੀਅਤਾਂ ਗਿਆਨੀ ਹਰਭਜਨ ਸਿੰਘ ਢੁੱਡੀਕੇ ਸੰਤ ਬਾਬਾ ਬਲਵਿੰਦਰ ਸਿੰਘ ਅਜੀਤਵਾਲ ਬਾਬਾ ਪਰਵਿੰਦਰ ਸਿੰਘ ਢੁੱਡੀਕੇ ਸਮੇਤ ਸਮੂਹ ਇਲਾਕਾ ਵਾਸੀ ਸੰਗਤਾਂ, ਧਾਰਮਿਕ ਸ਼ਖ਼ਸੀਅਤਾਂ, ਨੌਜਵਾਨ ਕਲੱਬਾਂ ਅਤੇ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ, ਪ੍ਰਬੰਧਕਾਂ ਵਲੋਂ ਵੱਖ-ਵੱਖ ਨਗਰਾਂ ਵਿਚ ਸੰਤਾ-ਮਹਾਂਪੁਰਸ਼ਾਂ ਅਤੇ ਸੇਵਾ ਨਿਭਾਉਣ ਵਾਲੀਆਂ ਧਾਰਮਿਕ ਕਮੇਟੀਆਂ, ਅਹਿਮ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਆ ਗਿਆ। ਥਾਣਾ ਅਜੀਤਵਾਲ ਪੁਲਿਸ ਦੇ ਮੁੱਖ ਅਫ਼ਸਰ ਰਾਜ ਸਿੰਘ ਵਲੋਂ ਸਾਥੀ ਕਰਮਚਾਰੀਆਂ ਨਾਲ ਸੰਗਤਾਂ ਲਈ ਜਲ ਦੀ ਸੇਵਾ ਕੀਤੀ ਗਈ। ਨਗਰ ਕੀਰਤਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਸਰਕਲ ਪ੍ਰਧਾਨ ਬਲਜੀਤ ਸਿੰਘ ਚੁਗਾਵਾਂ, ਸੀਨ. ਅਕਾਲੀ ਆਗੂ ਇੰਦਰਜੀਤ ਸਿੰਘ ਰਾਜਾ, ਪ੍ਰਧਾਨ ਕਰਨੈਲ ਸਿੰਘ ਦੌਧਰ, ਸੁਰਜੀਤ ਸਿੰਘ, ਪ੍ਰਧਾਨ ਸੁਖਜੀਤ ਸਿੰਘ ਸੋਨੂੰ, ਮਨਦੀਪ ਸਿੰਘ ਮਾਨ, ਕਮਲਜੀਤ ਸਿੰਘ, ਸੰਦੀਪ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਗੋਰਾ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਨਛੱਤਰ ਸਿੰਘ ਛੱਤੀ ਢੁੱਡੀਕੇ, ਚਰਨਜੀਤ ਸਿੰਘ ਚੰਨੀ, ਚੰਦ ਸਿੰਘ ਨੱਥੂਵਾਲਾ ਜਦੀਦ, ਪੰਚ ਨਿਰਮਲ ਸਿੰਘ, ਰੇਸ਼ਮ ਸਿੰਘ ਚੂਹੜਚੱਕ ਸਮੇਤ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ।
ਛੇਵੀਂ ਪਾਤਿਸ਼ਾਹੀ ਦੇ ਮੱਦੋਕੇ ਵਿਖੇ ਆਗਮਨ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਇਲਾਕੇ ਦੇ ਪਿੰਡਾਂ ’ਚ ਨਗਰ ਕੀਰਤਨ ਦਾ ਭਰਵਾਂ ਸਵਾਗਤ
ਅਜੀਤ ਡੈਸਕ
13-07-2026