ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਜਸਵੰਤ ਸਿੰਘ ਖਾਲੜਾ ਅਤੇ ਰਾਮ ਨਰਾਇਣ ਕੁਮਾਰ ਦੀ ਦੋਸਤੀ ਭਾਈਚਾਰਕ ਏਕੇ ਦੀ ਖ਼ੂਬਸੂਰਤ ਮਿਸਾਲ

Ad Position 21
No active advertisement
ਅਜੀਤ ਡੈਸਕ 13-07-2026
ਮੋਗਾ, 12 ਜੁਲਾਈ (ਗੁਰਤੇਜ ਸਿੰਘ ਬੱਬੀ)-ਰਾਮ ਨਰਾਇਣ ਕੁਮਾਰ ਤਾਮਿਲਨਾਡੂ ਦੇ ਇਕ ਹਿੰਦੂ ਬ੍ਰਾਹਮਣ ਸਨ ਜੋ ਦਿੱਲੀ ਵਿਖੇ ਰਹਿ ਕੇ ਮਾਨਵ ਅਧਿਕਾਰ ਕਾਰਕੁਨ ਵਜੋਂ ਕੰਮ ਕਰ ਰਹੇ ਸਨ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਵਿਚ ਹਰ ਵੇਲੇ ਉਨ੍ਹਾਂ ਦੇ ਨਾਲ ਰਹੇ ਤੇ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਵੀ ਇਸ ਨਰ ਸਹਾਰ ਨੂੰ ਸਾਬਤ ਕਰਨ ਲਈ ਉਨ੍ਹਾਂ ਦਿਨ ਰਾਤ ਕੰਮ ਕੀਤਾ। ਉਨ੍ਹਾਂ ਇਸ ਇਤਿਹਾਸ ਨੂੰ ਕਲਮਬੰਦ ਕਰਕੇ ‘ਰਿਡਿਊਸਡ ਟੂ ਐਸ਼ਜ’ (ਜੋ ਰਾਖ ਹੋ ਗਏ) ਨਾਮ ਦੀ ਕਿਤਾਬ ਵੀ ਲਿਖੀ ਜਿਸ ਦਾ ਪੰਜਾਬੀ ਅਨੁਵਾਦ ਪਰਮਿੰਦਰ ਸਿੰਘ ਸ਼ੌਂਕੀ ਵਲੋਂ ਕੀਤਾ ਗਿਆ। 2009 ਵਿਚ ਉਨ੍ਹਾਂ ਦੀ ਨੇਪਾਲ ਵਿਚ ਮੌਤ ਹੋ ਗਈ। ਕੁੱਝ ਲੋਕ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਨੂੰ ਅੱਤਵਾਦ ਨਾਲ ਜੋੜ ਕੇ ਧਰਮਾਂ ਵਿਚ ਕੰਧਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ ਜਦ ਕਿ ਉਨ੍ਹਾਂ ਲਾਪਤਾ ਲੋਕਾਂ ਵਿਚ ਹਿੰਦੂ ਅਤੇ ਇਸਾਈ ਭਾਈਚਾਰੇ ਦੇ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਲਈ ਜਸਵੰਤ ਸਿੰਘ ਖਾਲੜਾ ਨੇ ਝੁਕਣ ਦੀ ਬਜਾਏ ਮੌਤ ਪ੍ਰਵਾਨ ਕੀਤੀ। ਅਜਿਹੇ ਕਾਰਕੁਨਾਂ ਨੂੰ ਧਰਮ ਦੀ ਐਨਕ ਨਾਲ ਵੇਖਣਾ ਸਮਾਜ ਲਈ ਖ਼ਤਰਨਾਕ ਵਰਤਾਰਾ ਹੈ ਤੇ ਸਿਵਲ ਸੁਸਾਇਟੀ ਮੋਗਾ ਇਸ ਵਰਤਾਰੇ ਨੂੰ ਰੋਕਣ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਤਰ ਕਰਕੇ ਫ਼ਿਲਮ ਦੇ ਸਾਰੇ ਪਹਿਲੂਆਂ ਤੋਂ ਜਾਣੂੰ ਕਰਵਾਉਣ ਜਾ ਰਹੀ ਹੈ। ਇਸ ਸਬੰਧੀ ਫ਼ਿਲਮ ਦੀ ਸਕਰੀਨਿੰਗ ਦੀ ਮਨਜ਼ੂਰੀ ਲੈਣ ਲਈ ਸਿਵਲ ਸੁਸਾਇਟੀ ਮੋਗਾ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਿਆ ਤੇ ਫ਼ਿਲਮ ਦੀ ਸਕਰੀਨਿੰਗ ਲਈ ਮਨਜ਼ੂਰੀ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਤੇ ਅਣ ਐਲਾਨਿਆ ਬੈਨ ਹੋਣ ਕਾਰਨ ਪ੍ਰਸ਼ਾਸਨ ਇਸ ਮਨਜ਼ੂਰੀ ਨੂੰ ਲੈ ਕੇ ਕਸੂਤੀ ਸਥਿਤੀ ਵਿਚ ਫਸ ਗਿਆ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐਡਵਾਈਜ਼ਰ ਅਜੇ ਗੋਰਾ ਸੂਦ ਨੇ ਦੱਸਿਆ ਕਿ 18 ਜੁਲਾਈ ਨੂੰ ਇਹ ਫ਼ਿਲਮ ਮੋਗਾ ਦੇ ਕਿਸੇ ਜਨਤਕ ਸਥਾਨ ਤੇ ਵਿਖਾਈ ਜਾਵੇਗੀ, ਜਿਸ ਵਿਚ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ ਤੇ ਫ਼ਿਲਮ ਦੇ ਸਾਰੇ ਪਹਿਲੂਆਂ ‘ਤੇ ਚਰਚਾ ਕਰਕੇ ਭਾਈਚਾਰਕ ਏਕਤਾ ਮਜ਼ਬੂਤ ਕਰਨ ਦੀ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਮਦਦ ਕਰਨ ਵਾਲਾ ਅਸ਼ੋਕ ਅਗਰਵਾਲ ਵੀ ਇਕ ਹਿੰਦੂ ਸੀ ਪਰ ਚਲਾਕ ਲੋਕ ਫ਼ਿਰਕਾਪ੍ਰਸਤੀ ਨੂੰ ਬੜ੍ਹਾਵਾ ਦੇਣ ਦੇ ਮਕਸਦ ਨਾਲ ਰਾਮ ਨਰਾਇਣ ਕੁਮਾਰ ਅਤੇ ਅਸ਼ੋਕ ਅਗਰਵਾਲ ਦੀ ਜ਼ਿਕਰ ਤੱਕ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਉਮੀਦ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੀ ਇਸ ਕੋਸ਼ਿਸ਼ ਵਿਚ ਸਾਡਾ ਸਾਥ ਦੇਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਕੰਵਲਜੀਤ ਸਿੰਘ ਮਹੇਸ਼ਰੀ, ਕ੍ਰਿਪਾਲ ਸਿੰਘ, ਗੁਰਚਰਨ ਸਿੰਘ ਰਾਜੂ ਪੱਤੋ, ਹਰਪ੍ਰੀਤ ਕੌਰ ਧਾਲੀਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਚਰਨ ਸਿੰਘ ਠੱਠੀ ਭਾਈ ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦੇ ਸੈਕਟਰੀ ਨਿਯੁਕਤ ਅਗਲੀ ਖ਼ਬਰ ਗੁਰਭੇਜ ਭੈਲ ਮੁੰਡੀ ਜਮਾਲ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਸਰਕਲ ਫ਼ਤਹਿਗੜ੍ਹ ਪੰਜਤੂਰ ਦੇ ਪ੍ਰਧਾਨ
Ad Position 24
No active advertisement