ਸਮਾਧ ਭਾਈ, 12 ਜੁਲਾਈ (ਜਗਰੂਪ ਸਿੰਘ ਸਰੋਆ)-ਖੇਤਰੀ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੀ ਅਸਲ ਪਾਰਟੀ ਦੇ ਤੌਰ ‘ਤੇ ਪ੍ਰਚਾਰਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੇ ਲੋਕ ਵਿਰੋਧੀ ਅਤੇ ਅਨਾੜੀ ਫ਼ੈਸਲੇ ਲੈਣ ਕਾਰਨ ਇਕੱਲਾ ਇਕੱਲਾ ਨਜ਼ਰ ਆ ਰਿਹਾ ਹੈ। ਸੂਬੇ ਭਰ ਵਿਚ ਪਾਰਟੀ ਦੇ ਡਿੱਗੇ ਗਰਾਫ਼ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਦੇ ਲੋਕਾਂ ਵਿਚ ਘਟੀ ਲੋਕਪ੍ਰਿਅਤਾ ਤੇ ਵੋਟ ਬੈਂਕ ਨੂੰ ਭਾਰੀ ਢਾਹ ਲੱਗ ਜਾਣ ਦੇ ਬਾਵਜੂਦ ਹਲਕਾ ਬਾਘਾ ਪੁਰਾਣਾ ਦਾ ਅਕਾਲੀ ਦਲ ਇਕਜੁੱਟ ਨਜ਼ਰ ਆ ਰਿਹਾ ਹੈ ਅਤੇ ਸਿਰਫ਼ ਇਕ ਹਲਕਾ ਆਗੂ ਦੇ ਦਮ ‘ਤੇ ਅਕਾਲੀ ਦਲ (ਬ) ਨੂੰ ਮੁੜ ਇਕ ਸੂਤਰ ‘ਚ ਬੰਨ੍ਹਣ ਲਈ ਤਤਪਰ ਹੈ। ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਦੀ ਕਮਾਨ ਹੇਠ ਅਕਾਲੀ ਦਲ ਦੀ ਇਕਜੁੱਟਤਾ ਹਲਕੇ ਅੰਦਰ ਵੋਟਰਾਂ ਦੇ ਦਿਲਾਂ ਵਿਚ ਅਜਿਹਾ ਸਥਾਨ ਰੱਖਦੀ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਟੱਕਰ ਹੋਣ ਦੀਆਂ ਗੱਲਾਂ ਖੁੰਢਾ ‘ਤੇ ਚਰਚਾ ਦਾ ਵਿਸ਼ਾ ਹਨ। ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਸੰਤੋਸ਼ਜਨਕ ਹੋਣ ਕਰਕੇ ਲੱਗਦਾ ਲੋਕ ਤੀਰਥ ਸਿੰਘ ਮਾਹਲਾ ਦੀ ਅਗਵਾਈ ਨੂੰ ਪਾਰਟੀ ਉਮੀਦਵਾਰ ਵਜੋਂ ਕਬੂਲ ਕਰ ਲੈਣਗੇ। ਜਿੱਥੇ ਅਕਾਲੀ ਦਲ ਦੇ ਬਾਕੀ ਆਗੂ ਪਾਰਟੀ ਦੀ ਜਿੱਤ ਨੂੰ ਦਰਜ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਉੱਥੇ ਹਲਕਾ ਬਾਘਾ ਪੁਰਾਣਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸਵ: ਸਾਧੂ ਸਿੰਘ ਰਾਜੇਆਣਾ ਦੇ ਧੜੇ ਨੂੰ ਨਜ਼ਰਅੰਦਾਜ਼ ਕਰਨ ਦਾ ਖ਼ਮਿਆਜ਼ਾ ਵੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਭੁਗਤਣਾ ਪੈ ਸਕਦਾ ਕਿਉਂਕਿ ਧੜੇ ਦੇ ਆਗੂ ਜਗਤਾਰ ਸਿੰਘ ਰਾਜੇਆਣਾ ਨੇ ਆਪਣੀ ਪਾਰਟੀ ਵਿਚ ਕੋਈ ਪੁੱਛਗਿੱਛ ਨਾ ਹੋਣ ਕਾਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਟਿਕਟ ‘ਤੇ ਚੋਣ ਲੜੀ ਸੀ ਅਤੇ ਉਹ ਹੁਣ ‘ਅਕਾਲੀ ਦਲ ਵਾਰਸ ਪੰਜਾਬ ਦੇ’ ਪਾਰਟੀ ਨਾਲ ਜੁੜੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਮਾਹਲਾ ਗਰੁੱਪ ਦੀ ਅਗਵਾਈ ਕਬੂਲਣ ਦੇ ਬਾਵਜੂਦ ਕੁਝ ਵਿਵਾਦਿਤ ਮਸਲਿਆਂ ਨੇ ਮਾਹਲਾ ਪਰਿਵਾਰ ਨੂੰ ਲੋਕਾਂ ਦੀ ਕਚਹਿਰੀ ਵਿਚ ਉਹ ਥਾਂ ਹਾਸਲ ਕਰਨ ਤੋਂ ਰੋਕੀ ਰੱਖਿਆ ਜਿਸ ਦੀ ਕਿ ਪਾਰਟੀ ਨੇ ਉਨ੍ਹਾਂ ਤੋਂ ਆਸ ਕੀਤੀ ਸੀ। ਅਜਿਹੀਆਂ ਵਿਵਾਦਿਤ ਘਟਨਾਵਾਂ ‘ਚੋਂ ਹੀ ਕਾਂਗਰਸ ਪਾਰਟੀ ‘ਚੋਂ ਸ਼੍ਰੋਮਣੀ ਅਕਾਲੀ ਦਲ (ਬ) ‘ਚ ਆਏ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਵਿਧਾਇਕੀ ਨਸੀਬ ਹੋਈ ਸੀ। ਹਾਲੇ ਵੀ ਪਾਰਟੀ ਦੀ ਪੈੜ ਵਿਚ ਪੈਰ ਧਰਨ ਵਾਲੇ ਹਲਕੇ ਦੇ ਹੋਰ ਸੀਨੀਅਰ ਆਗੂਆਂ ਤੇ ਵਰਕਰਾਂ ਵਲੋਂ ਬਾਕੀ ਹਲਕਿਆਂ ਦੇ ਮੁਕਾਬਲੇ ਬਾਘਾ ਪੁਰਾਣਾ ਹਲਕੇ ਅੰਦਰ ਅਕਾਲੀ ਦਲ ਦੇ ਵੋਟ ਗਰਾਫ਼ ਨੂੰ ਓਨੀ ਢਾਅ ਨਹੀਂ ਲੱਗਣ ਦਿੱਤੀ ਜਿੰਨੀ ਕਿ ਹੋਰ ਹਲਕਿਆਂ ਵਿਚ ਲੱਗੀ ਹੈ ਅਤੇ ਹੇਠਲੇ ਪੱਧਰ ‘ਤੇ ਅਕਾਲੀ ਦਲ ਦਾ ਮਜ਼ਬੂਤ ਕਾਡਰ ਕਦੇ ਵੀ ਸਿਆਸੀ ਬਾਜੀ ਨੂੰ ਆਪਣੇ ਵੱਲ ਪਲਟਣ ਦਾ ਮਾਦਾ ਰੱਖਦਾ ਹੈ। ਸੱਤਾ ਧਿਰ ਅਤੇ ਬਾਕੀ ਵਿਰੋਧੀ ਧਿਰਾਂ ਵਲੋਂ ਹਲਕਾ ਬਾਘਾ ਪੁਰਾਣਾ ‘ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਗੰਭੀਰਤਾ ਨਾਲ ਨਾ ਲੈਣਾ ਮਹਿੰਗਾ ਵੀ ਪੈ ਸਕਦਾ।