ਠੱਠੀ ਭਾਈ, 19 ਜੁਲਾਈ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਵਿਚ ਦੁਖਦਾਈ ਘਟਨਾ ਵਾਪਰੀ, ਜਿੱਥੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਕ ਟੇਲਰ ਦੀ ਦੁਕਾਨ ਵਿਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਵਾਸੀ ਮਹਿੰਦਰ ਸਿੰਘ ਟੇਲਰ, ਜੋ ਸਿਲਾਈ ਦੇ ਕੰਮ ਦੇ ਨਾਲ-ਨਾਲ ਰੈਡੀਮੇਡ ਅਤੇ ਹੋਰ ਕੱਪੜਿਆਂ ਦੀ ਦੁਕਾਨ ਵੀ ਚਲਾਉਂਦਾ ਹੈ, ਆਪਣੇ ਪਰਿਵਾਰ ਸਮੇਤ ਕਿਸੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ। ਇਸ ਦੌਰਾਨ ਦੁਕਾਨ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਦੁਕਾਨ ਦੇ ਸਾਹਮਣੇ ਮੌਜੂਦ ਇਕ ਦੁਕਾਨਦਾਰ ਨੇ ਧੂੰਆਂ ਨਿਕਲਦਾ ਦੇਖਿਆ ਤਾਂ ਤੁਰੰਤ ਮਹਿੰਦਰ ਸਿੰਘ ਅਤੇ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਬੜੀ ਮਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ। ਅੱਗ ਕਾਰਨ ਦੁਕਾਨ ਵਿਚ ਪਏ ਸਿਲਾਈ ਲਈ ਆਏ ਸੂਟ, ਰੈਡੀਮੇਡ ਕੱਪੜੇ, ਏ.ਸੀ., ਫ਼ਰਨੀਚਰ, ਸਿਲਾਈ ਨਾਲ ਸਬੰਧਿਤ ਸਾਮਾਨ ਅਤੇ ਹੋਰ ਕੀਮਤੀ ਫਿਟਿੰਗ ਸੜ ਕੇ ਸੁਆਹ ਹੋ ਗਈ। ਇਸ ਹਾਦਸੇ ਵਿਚ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਦੁਕਾਨਦਾਰ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਠੱਠੀ ਭਾਈ ਵਿਖੇ ਕੱਪੜੇ ਦੀ ਦੁਕਾਨ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
ਅਜੀਤ ਡੈਸਕ
20-07-2026