ਮੋਗਾ, 20 ਜੁਲਾਈ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਆਮ ਲੋਕਾਂ ਨਾਲ ਸਬੰਧਿਤ ਕੁਝ ਗੰਭੀਰ ਮੁੱਦਿਆਂ ’ਤੇ ਚਰਚਾ ਕੀਤੀ ਗਈ ਕਿ ਜੋ ਲਾਵਾਰਸ ਕੁੱਤਿਆਂ ਦਾ ਮਸਲਾ ਹੈ ਉਹ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ। ਪਿਛਲੇ ਦਿਨੀਂ ਪਿੰਡ ਪੱਬੀਆਂ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਨੂੰ ਖ਼ੂੰਖ਼ਾਰ ਤੇ ਲਾਵਾਰਸ ਕੁੱਤਿਆ ਨੇ ਖਾ ਲਿਆ ਹੈ। ਇਸ ਤੋਂ ਪਹਿਲਾਂ ਪਿੰਡ ਕਪੂਰੇ ਦੇ 50 ਸਾਲਾਂ ਵਿਅਕਤੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਹੈ। ਆਏ ਦਿਨ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਅਜਿਹੇ ਕੇਸ ਹੋ ਚੁੱਕੇ ਹਨ। ਸੈਂਕੜੇ ਕੁੱਤੇ ਸੜਕਾਂ, ਗਲੀਆਂ ਮੁਹੱਲਿਆਂ, ਹਰ ਮੋੜ ‘’’’ਤੇ ਲਾਵਾਰਸ ਫਿਰਦੇ ਹਨ। ਹਰ ਇਕੱਲਾ ਵਿਅਕਤੀ ਵੇਲੇ ਕੁਵੇਲੇ ਬਾਹਰ ਅੰਦਰ ਜਾਣ ਤੋਂ ਝਿਜਕਦਾ ਹੈ। ਖ਼ੁਸ਼ਹਾਲ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਵਾਲੇ ਡੋਗ ਪ੍ਰੇਮੀ ਕੁੱਤਿਆ ਬਰਖ਼ਿਲਾਫ਼ ਕਾਰਵਾਈ ਕਰਨ ਤੇ ਖ਼ਾਹ-ਮਖ਼ਾਹ ਰੌਲਾ ਪਾ ਕੇ ਆਪਣਾ ਨਾਂਅ ਚਮਕਾਉਣ ਦੀ ਫ਼ਿਰਾਕ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਆਮ ਲੋਕਾਂ ਦੀ ਤਕਲੀਫ਼ ਦਾ ਦਰਦ ਮਹਿਸੂਸ ਨਹੀਂ ਹੁੰਦਾ। ਇਸੇ ਲਈ ਉਨ੍ਹਾਂ ਦੇ ਘਰ ਜਾਂ ਉਨ੍ਹਾਂ ਦੀ ਰਿਹਾਇਸ਼ ’ਤੇ ਪੰਜਾਹ-ਪੰਜਾਹ, ਸੌ-ਸੌ ਕੁੱਤੇ ਸਾਂਭਣ ਲਈ ਸਰਕਾਰ ਨੂੰ ਛੱਡਣੇ ਚਾਹੀਦੇ ਹਨ ਤਾਂ ਜੋ ਉਹ ਉਨ੍ਹਾਂ ਦੀ ਸਾਂਭ-ਸੰਭਾਲ ਤੇ ਪ੍ਰੇਮ ਪਿਆਰ ਕਰ ਸਕਣ। ਆਮ ਲੋਕਾਂ ਨੂੰ ਖ਼ੂੰਖ਼ਾਰ ਤੇ ਲਾਵਾਰਸ ਕੁੱਤਿਆਂ ਤੋਂ ਰਾਹਤ ਮਿਲ ਸਕੇ। ਕਿਸੇ ਵੀ ਨਿਰਦੋਸ਼ ਵਿਅਕਤੀ ਦੀ ਜਾਨ ਐਵੇਂ ਭੰਗ ਦੇ ਭਾਣੇ ਨਾ ਜਾ ਸਕੇ। ਮਨੁੱਖੀ ਜੀਵਨ ਬਹੁਤ ਕੀਮਤੀ ਹੈ, ਆਮ ਲੋਕਾਂ ਦੀ ਜਾਨ-ਮਾਲ ਸੁਰੱਖਿਅਤ ਰਹਿ ਸਕੇ। ਕਾਰਪੋਰੇਸ਼ਨ ਮੋਗਾ ਦੇ ਹੋਂਦ ਵਿਚ ਆਉਣ ਤੋਂ ਆਮ ਆਦਮੀ ਸਰਕਾਰ ਦੇ ਪਿਛਲੇ ਪੰਜ ਸਾਲਾਂ ਦੇ ਰਾਜ ‘’’’ਤੇ ਮੋਗਾ ਸ਼ਹਿਰ ਦਾ ਸਫ਼ਾਈ ਵਲੋਂ ਮੰਦਾ ਹਾਲ ਹੈ। ਸ਼ਹਿਰ ਵਿਚ ਕੂੜੇ ਨਾਲ ਭਰੇ ਲਿਫ਼ਾਫ਼ਿਆਂ ਦੇ ਥਾਂ-ਥਾਂ ਢੇਰ ਲੱਗੇ ਹੋਏ ਹਨ। ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ। ਕੋਈ ਵੀ ਸਫ਼ਾਈ ਦਾ ਪ੍ਰਬੰਧ ਨਹੀਂ ਹੈ। ਸੜਕਾਂ ਦਾ ਹਾਲ ਵੀ ਬਹੁਤ ਮਾੜਾ ਹੈ। ਮੋਗਾ ਬਾਈਪਾਸ ਚੜਿੱਕ ਰੋਡ ਟਾਵਰ ਤੋਂ ਪੱਤੀ ਮੁਹੱਬਤ ਤੱਕ ਜੋ ਸੀਵਰੇਜ ਪਾਉਣ ਸਮੇਂ ਕੀਤੀ ਅਣਗਹਿਲੀ ਤੋਂ ਬਾਅਦ ਕਾਰਪੋਰੇਸ਼ਨ ਵਲੋਂ ਸੜਕ ਬਣਾਈ ਗਈ ਸੀ ਜਿਸ ਦੀ ਹਾਲਤ ਗੰਭੀਰ ਹੈ ਕਿਉਂਕਿ ਸੜਕ ਵਿਚਕਾਰ ਬਣੇ ਗਟਰ ਉੱਚੇ ਤੇ ਸੜਕ ਨੀਵੀਂ ਹੈ। ਗਟਰਾਂ ਨਾਲ ਦੀ ਸੜਕ ਥੱਲੇ ਧਸਣ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਗੱਡੀਆਂ ਆਪਸ ਵਿਚ ਟਕਰਾਉਂਦੀਆਂ ਤੇ ਐਕਸੀਡੈਂਟ ਹੁੰਦੇ ਹਨ। ਇਹ ਸੜਕ ਬਣਾਉਣ ਵਾਲੇ ਠੇਕੇਦਾਰ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਕੰਮ ਵਿਚ ਲਿਪਾਪੋਚੀ ਕਰ ਕੇ ਬਜਟ ਦੀ ਵੱਡੀ ਰਕਮ ਹੜੱਪ ਕੀਤੀ ਹੈ। ਇਹ ਸੜਕ ਲੋਕਾਂ ਦੀ ਜਾਨ ਦਾ ਖੌਅ ਬਣੀ ਹੈ। ਕਮਿਸ਼ਨਰ ਨਗਰ ਨਿਗਮ ਨੂੰ ਦੌਰਾ ਕਰ ਕੇ ਸੜਕ ਚੈੱਕ ਕਰਨੀ ਚਾਹੀਦੀ ਹੈ। ਸੜਕ ਬਣਾਉਣ ਵਾਲੇ ਠੇਕੇਦਾਰ ਤੇ ਸਬੰਧਿਤ ਜੇ.ਈ., ਐਸ.ਡੀ.ਓ. ਤੇ ਕਮਿਸ਼ਨ ਖਾਣ ਵਾਲੇ ਕਰਮਚਾਰੀਆਂ ਅਧਿਕਾਰੀਆਂ ਬਰਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ ਨੇ ਦਿੱਤੀ।