ਮੋਗਾ, 23 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਖੇਤ ਵਿਚ ਨਹਿਰੀ ਪਾਣੀ ਪਹੁੰਚਾਉਣ ਦੇ ਯਤਨਾਂ ਤਹਿਤ ਮੋਗਾ ਜ਼ਿਲ੍ਹਾ ਅੱਜ ਇਤਿਹਾਸ ਦਾ ਗਵਾਹ ਬਣਿਆਂ ਜਦ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵਲੋਂ ਜ਼ਿਲ੍ਹੇ ਵਿਚ 105.49 ਕਰੋੜ ਰੁਪੈ ਦੇ ਸਿੰਚਾਈ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ। ਇਨ੍ਹਾਂ ਵਿਚ ਮੁੱਖ ਤੌਰ ‘’ਤੇ ਮੋਗਾ, ਬਾਘਾ ਪੁਰਾਣਾ ਤੇ ਧਰਮਕੋਟ ਹਲਕੇ ਵਿਚ ਸਿੰਚਾਈ ਪ੍ਰਾਜੈਕਟਾਂ ਦਾ ਸ੍ਰੀ ਗੋਇਲ ਵਲੋਂ ਉਦਘਾਟਨ ਕੀਤਾ ਗਿਆ, ਜਿਸ ਵਿਚ ਮੁੱਖ ਤੌਰ ‘’ਤੇ ਸੂਇਆਂ/ਰਜਬਾਹਿਆਂ ਦੀ ਕੰਕਰੀਟ ਲਾਇਨਿੰਗ, ਜ਼ਮੀਨਦੋਜ਼ ਪਾਈਪਾਂ ਰਾਹੀ ਸਿੰਚਾਈ ਦੇ ਪ੍ਰਾਜੈਕਟ ਮੁੱਖ ਰੂਪ ਵਿਚ ਸ਼ਾਮਲ ਹਨ। ਉਨ੍ਹਾਂ ਅੱਜ ਮੋਗਾ ਦੇ ਪਿੰਡ ਝੰਡੇਆਣਾ, ਬਾਘਾ ਪੁਰਾਣਾ ਦੇ ਪਿੰਡ ਸੁਖਾਨੰਦ, ਸਾਹੋਕੇ ਤੇ ਧਰਮਕੋਟ ਹਲਕੇ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਨਾਲ ਮੋਗਾ ਜ਼ਿਲ੍ਹੇ ਦੇ ਲਗਭਗ 94 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ ਜਿਨ੍ਹਾਂ ਦਾ 20085 ਏਕੜ ਹੋਰ ਰਕਬਾ ਨਹਿਰੀ ਪਾਣੀ ਦੀ ਸਿੰਚਾਈ ਹੇਠ ਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਸੁਪਨਾ ਵੇਖਿਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜਿੱਥੇ ਪਹਿਲਾਂ ਨਹਿਰੀ ਪਾਣੀ ਦੀ ਵਰਤੋਂ ਕੇਵਲ 17-18 ਫ਼ੀਸਦੀ ਸੀ, ਉਹ ਹੁਣ 86 ਫ਼ੀਸਦੀ ਹੋ ਗਈ ਹੈ, ਜਿਸ ਨਾਲ ਪੰਜਾਬ ਦੇ ਇਕਲੌਤੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ। ਧਰਮਕੋਟ ਵਿਧਾਨ ਸਭਾ ਹਲਕੇ ਦੇ ਸੂਇਆਂ ‘’ਤੇ ਰਜਬਾਹਿਆਂ ਦੀ ਕੰਕਰੀਟ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ 79.56 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ। ਇਸ ਪ੍ਰੋਜੈਕਟ ਤਹਿਤ ਕੰਕਰੀਟ, ਪਾਈਪਲਾਈਨ ਤੇ ਵਾਟਰ ਕੋਰਸ ਦੀ ਲਾਈਨਿੰਗ ਦੀ ਕੁੱਲ ਲੰਬਾਈ 175.24 ਕਿੱਲੋਮੀਟਰ ਬਣਦੀ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਧਰਮਕੋਟ ਦੇ 79 ਪਿੰਡਾਂ ਨੂੰ ਸਿੱਧੇ ਰੂਪ ਨਾਲ ਲਾਭ ਪ੍ਰਾਪਤ ਹੋਵੇਗਾ। ਇਸ ਪ੍ਰੋਜੈਕਟ ਤੋਂ ਪਹਿਲਾਂ 24270 ਏਕੜ ਸਿੰਚਾਈ ਵਾਲਾ ਰਕਬਾ ਵਧ ਕੇ 41894 ਹੋ ਜਾਵੇਗਾ, ਭਾਵ ਇਸ ਪ੍ਰੋਜੈਕਟ ਨਾਲ 18174 ਏਕੜ ਰਕਬਾ ਸਿੰਚਾਈ ਅਧੀਨ ਹੋ ਜਾਵੇਗਾ। ਇਸ ਪ੍ਰੋਜੈਕਟ ਤਹਿਤ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ ਪ੍ਰੋਜੈਕਟਾਂ ਦੀ ਅਲੱਗ-ਅਲੱਗ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੋਕਰੀ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ ਜਿਹੜਾ ਕਿ 52.51 ਕਰੋੜ ਦੀ ਲਾਗਤ ਵਾਲਾ ਹੈ, ਨਾਲ 26458 ਏਕੜ ਰਕਬਾ ਹੁਣ ਸਿੰਚਾਈ ਹੋ ਜਾਵੇਗਾ ਜਿਹੜਾ ਕਿ ਪਹਿਲਾਂ 16450 ਏਕੜ ਸੀ, 10,008 ਏਕੜ ਰਕਬਾ ਇਸ ਨਾਲ ਸਿੰਚਾਈ ਆਵੇਗਾ। ਇਸ ਲਾਈਨਿੰਗ ਦੀ ਲੰਬਾਈ 66.32 ਕਿੱਲੋਮੀਟਰ ਹੈ। ਇਸ ਨਾਲ ਨੇੜੇ ਦੇ 20 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ। ਇਨ੍ਹਾਂ ਪਿੰਡਾਂ ਵਿਚ ਤਲਵੰਡੀ ਮੱਲ੍ਹੀਆਂ, ਦਇਆ ਕਲਾਂ, ਕੋਕਰੀ ਬੁੱਟਰਾਂ, ਭਿੰਡਰ ਕਲਾਂ, ਕਿਸ਼ਨਪੁਰਾ, ਕਪੂਰਾ, ਚੱਕ ਬੀਜਾਸਰ, ਪੁਰਾਣੇ ਵਾਲਾ, ਰੌਲੀ, ਖੇੜਾ ਸਵਾਦ, ਬੁੱਘੀਪੁਰਾ, ਚੁਗਾਵਾਂ, ਜਲਾਲਾਬਾਦ, ਫ਼ਤਿਹਗੜ੍ਹ ਕੋਰੋਟਾਣਾ, ਮਹਿਣਾ, ਦਾਤਾ, ਤਤਾਰੀਏ ਵਾਲਾ, ਤਲਵੰਡੀ ਭੰਗੇਰੀਆਂ, ਭਿੰਡਰ ਖ਼ੁਰਦ, ਦੁਸਾਂਝ ਸ਼ਾਮਲ ਹਨ। ਦੌਲਤਵਾਹ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਦਾ 14.66 ਕਰੋੜ ਵਾਲੇ ਪ੍ਰੋਜੈਕਟ ਨਾਲ 8974 ਏਕੜ ਰਕਬਾ ਸਿੰਚਾਈ ਅਧੀਨ ਆ ਗਿਆ ਹੈ। ਪ੍ਰੋਜੈਕਟ ਤੋਂ ਪਹਿਲਾਂ 6462 ਏਕੜ ਰਕਬਾ ਸਿੰਚਾਈ ਅਧੀਨ ਸੀ ਅਤੇ ਇਸ ਪ੍ਰੋਜੈਕਟ ਨਾਲ 15436 ਏਕੜ ਰਕਬਾ ਸਿੰਚਾਈ ਅਧੀਨ ਆ ਜਾਵੇਗਾ। ਇਸ ਤੋਂ ਇਲਾਵਾ ਸਾਹੋਕੇ ਵਿਖੇ ਕੈਬਨਿਟ ਮੰਤਰੀ ਵਲੋਂ ਕੁੱਲ 7.13 ਕਰੋੜ ਰੁਪੈ ਦੀ ਲਾਗਤ ਨਾਲ ਖਾਲ਼ਿਆਂ ਦੀ ਲਾਇਨਿੰਗ ਤੇ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ। ਇਸ ਨਾਲ 1291 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ। ਇਸ ਮੌਕੇ ਵਿਧਾਇਕਾ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਧੀਕ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।