ਮੋਗਾ, 24 ਜੁਲਾਈ (ਸੁਰਿੰਦਰਪਾਲ ਸਿੰਘ)-ਨੀਟ ਪ੍ਰੀਖਿਆ ਵਿਚ ਪੰਜਾਬ ਭਰ ਵਿਚ ਪਹਿਲਾ ਅਤੇ ਭਾਰਤ ਵਿਚ ਨੌਵਾਂ ਸਥਾਨ ਹਾਸਲ ਕਰ ਕੇ ਪਿੰਡ ਬੁੱਟਰ ਕਲਾਂ ਦੀ ਧੀ ਰਮਨੀਤ ਕੌਰ ਨੇ ਵਿਲੱਖਣ ਇਤਿਹਾਸ ਸਿਰਜਿਆ ਹੈ। ਇਕ ਆਮ ਪਰਿਵਾਰ ਨਾਲ ਸਬੰਧਿਤ ਰਮਨੀਤ ਕੌਰ ਨੇ ਬਿਨਾਂ ਕਿਸੇ ਟਿਊਸ਼ਨ ਜਾਂ ਕੋਚਿੰਗ ਦੇ ਇਹ ਔਖੀ ਪ੍ਰੀਖਿਆ ਪਾਸ ਕਰ ਕੇ ਸਖ਼ਤ ਮਿਹਨਤ, ਲਗਨ ਅਤੇ ਆਤਮ-ਵਿਸ਼ਵਾਸ ਦੀ ਪ੍ਰੇਰਨਾਦਾਇਕ ਮਿਸਾਲ ਕਾਇਮ ਕੀਤੀ ਹੈ। ਰਮਨੀਤ ਕੌਰ ਦੀ ਇਸ ਸ਼ਾਨਦਾਰ ਉਪਲਬਧੀ ਨੂੰ ਦੇਸ਼-ਵਿਦੇਸ਼ ਦੇ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਵਲੋਂ ਵੀ ਵਿਸ਼ੇਸ਼ ਕਵਰੇਜ ਦਿੱਤੀ ਗਈ। ਇਸ ਸਫਲਤਾ ਨਾਲ ਨਾ ਸਿਰਫ਼ ਉਸ ਦੇ ਪਰਿਵਾਰ ਅਤੇ ਪਿੰਡ ਦਾ, ਸਗੋਂ ਪੂਰੇ ਜ਼ਿਲ੍ਹੇ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਰਮਨੀਤ ਕੌਰ ਦੇ ਪਿਤਾ ਰਜਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਜੋ ਪਿੰਡ ਬੁੱਟਰ ਕਲਾਂ ਦੇ ਵਸਨੀਕ ਹਨ, ਦੀ ਖ਼ੁਸ਼ੀ ਇਸ ਮੌਕੇ ਦੇਖਣਯੋਗ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਰਮਨੀਤ ਕੌਰ ਦੇ ਘਰ ਬੁੱਟਰ ਕਲਾਂ ਵਿਖੇ ਪਹੁੰਚ ਕੇ ਉਸ ਨੂੰ ਸਿਰੋਪਾਉ ਭੇਟ ਕਰ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਅਤੇ ਉਸ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਰਮਨੀਤ ਕੌਰ ਦੀ ਸਫਲਤਾ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉਸ ਦੀ ਮਿਹਨਤ ਅਤੇ ਲਗਨ ਤੋਂ ਸੇਧ ਲੈਂਦਿਆਂ ਆਪਣੇ ਮਾਤਾ-ਪਿਤਾ, ਇਲਾਕੇ ਅਤੇ ਪੰਜਾਬ ਦਾ ਨਾਂਅ ਇਸੇ ਤਰ੍ਹਾਂ ਰੌਸ਼ਨ ਕਰਨਾ ਚਾਹੀਦਾ ਹੈ। ਰਮਨੀਤ ਕੌਰ ਅਤੇ ਉਸ ਦੇ ਮਾਤਾ-ਪਿਤਾ ਨੇ ਰਾਜਵਿੰਦਰ ਸਿੰਘ ਦਾ ਘਰ ਆਉਣ ‘ਤੇ ਸਨਮਾਨ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਅਮਨਿੰਦਰ ਸਿੰਘ ਸੋਢੀ, ਯੂਥ ਹਲਕਾ ਪ੍ਰਧਾਨ ਜਸਦੀਪ ਸਿੰਘ ਡਾਲਾ, ਬਲਾਕ ਸੰਮਤੀ ਮੈਂਬਰ ਬੀਬੀ ਪਲਵਿੰਦਰ ਕੌਰ, ਸੁਰਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਫ਼ੌਜੀ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।