ਮੋਗਾ ਵਿਚ ਗੂੰਜਿਆ ਤੀਆਂ ਦਾ ਰੰਗ, ਪੰਜਾਬੀ ਸੱਭਿਆਚਾਰ ਤੇ ਵਿਰਾਸਤ ਦਾ ਦਿਖਿਆ ਖ਼ੂਬਸੂਰਤ ਸੰਗਮ
ਮੋਗਾ, 27 ਅਗਸਤ (ਸੁਰਿੰਦਰਪਾਲ ਸਿੰਘ)-ਹਲਕਾ ਮੋਗਾ ਵਿਖੇ ਤੀਆਂ ਦੇ ਰਵਾਇਤੀ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਉਤਸ਼ਾਹ ਅਤੇ ਖ਼ੁਸ਼ੀ ਨਾਲ ਕਰਵਾਇਆ ਗਿਆ। ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ-ਪਤਨੀ ਡਾ.
ਮੋਗਾ, 27 ਅਗਸਤ (ਸੁਰਿੰਦਰਪਾਲ ਸਿੰਘ)-ਹਲਕਾ ਮੋਗਾ ਵਿਖੇ ਤੀਆਂ ਦੇ ਰਵਾਇਤੀ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਉਤਸ਼ਾਹ ਅਤੇ ਖ਼ੁਸ਼ੀ ਨਾਲ ਕਰਵਾਇਆ ਗਿਆ। ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ-ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕਰਦਿਆਂ ਗਿੱਧਾ, ਬੋਲੀਆਂ ਅਤੇ ਲੋਕ ਪਰੰਪਰਾਵਾਂ ਰਾਹੀਂ ਤੀਆਂ ਦੇ ਰੰਗ ਨੂੰ ਹੋਰ ਖ਼ੂਬਸੂਰਤ ਬਣਾ ਦਿੱਤਾ। ਇਸ ਮੌਕੇ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਿਸ਼ੇਸ਼ ਤੌਰ ‘’ਤੇ ਸ਼ਿਰਕਤ ਕਰ ਕੇ ਮਹਿਲਾਵਾਂ ਨੂੰ ਤੀਆਂ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਤੀਆਂ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਸਮਾਗਮ ਮਹਿਲਾਵਾਂ ਨੂੰ ਆਪਣੀ ਸਭਿਆਚਾਰਕ ਵਿਰਾਸਤ ਅਤੇ ਰਵਾਇਤਾਂ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰੇ ਅਤੇ ਮੇਲ-ਮਿਲਾਪ ਨੂੰ ਵੀ ਮਜ਼ਬੂਤ ਕਰਦੇ ਹਨ। ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਤੀਆਂ ਪੰਜਾਬ ਦੀਆਂ ਧੀਆਂ ਅਤੇ ਮਹਿਲਾਵਾਂ ਲਈ ਖ਼ੁਸ਼ੀ, ਉਮੰਗ ਅਤੇ ਆਪਸੀ ਪਿਆਰ ਦਾ ਤਿਉਹਾਰ ਹੈ। ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਵਿਚ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਵਾਲੇ ਅਜਿਹੇ ਸਮਾਗਮ ਭਵਿੱਖ ਵਿਚ ਵੀ ਜਾਰੀ ਰਹਿਣੇ ਚਾਹੀਦੇ ਹਨ। ਇਸ ਮੌਕੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਵੀ ਵਿਸ਼ੇਸ਼ ਤੌਰ ‘’ਤੇ ਪਹੁੰਚ ਕੇ ਮਹਿਲਾਵਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿਚ ਮਹਿਲਾਵਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਤੀਆਂ ਵਰਗੇ ਤਿਉਹਾਰ ਮਹਿਲਾਵਾਂ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦਾ ਮੌਕਾ ਦਿੰਦੇ ਹਨ। ਸਟੇਟ ਆਬਜ਼ਰਵਰ ਗਾਇਤਰੀ ਵਿਸ਼ਨੋਈ ਨੇ ਵੀ ਸਮਾਗਮ ਵਿਚ ਵਿਸ਼ੇਸ਼ ਤੌਰ ‘’ਤੇ ਸ਼ਿਰਕਤ ਕੀਤੀ। ਉਨ੍ਹਾਂ ਤੀਆਂ ਦੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਭਿਆਚਾਰਕ ਪ੍ਰੋਗਰਾਮ ਸਮਾਜ ਵਿਚ ਸਕਾਰਾਤਮਿਕ ਮਾਹੌਲ ਪੈਦਾ ਕਰਨ ਦੇ ਨਾਲ ਮਹਿਲਾਵਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਦੇ ਹਨ। ਸਮਾਗਮ ਦੌਰਾਨ ਮਹਿਲਾਵਾਂ ਨੇ ਪੰਜਾਬੀ ਰਵਾਇਤੀ ਪਹਿਰਾਵਿਆਂ ਵਿਚ ਸਜ-ਧਜ ਕੇ ਤੀਆਂ ਦੀਆਂ ਖ਼ੁਸ਼ੀਆਂ ਮਨਾਈਆਂ। ਗਿੱਧਾ, ਬੋਲੀਆਂ ਅਤੇ ਲੋਕ ਗੀਤਾਂ ਨੇ ਪੂਰੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਮੌਕੇ ਮੋਗਾ ਨਗਰ ਨਿਗਮ ਦੀ ਮੇਅਰ ਵਿਨੇਪਾਲ ਕੌਰ, ਸ਼ਹਿਰੀ ਪ੍ਰਧਾਨ ਲਵਲੀ ਸਿੰਗਲਾ, ਸੁਖਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਆਮ ਆਦਮੀ ਪਾਰਟੀ ਦੀਆਂ ਵਲੰਟੀਅਰਾਂ ਹਾਜ਼ਰ ਸਨ।