ਦਫ਼ਤਰੀ ਮੁਲਾਜ਼ਮਾਂ ਦੀ ਡੀ.ਸੀ. ਦਫ਼ਤਰ ਮੋਗਾ ਅੱਗੇ ਹੋਈ ਰੈਲੀ ਅਤੇ ਹੜਤਾਲ ਨੂੰ ਮਿਲਿਆ ਪੈਨਸ਼ਨਰਾਂ, ਮੁਲਾਜ਼ਮਾਂ, ਕਿਸਾਨਾਂ-ਮਜ਼ਦੂਰਾਂ ਦਾ ਸਮਰਥਨ
12 ਨੂੰ ਸੰਧਵਾਂ ਅਤੇ 19 ਸਤੰਬਰ ਨੂੰ ਲਾਡੀ ਢੋਸ ਖ਼ਿਲਾਫ਼ ਲਾਏ ਜਾਣ ਵਾਲੇ ਧਰਨਿਆਂ ’ਚ ਕਰਾਂਗੇ ਭਰਵੀਂ ਸ਼ਮੂਲੀਅਤ- ਦਿਗਵਿਜੇਪਾਲ ਸ਼ਰਮਾ
ਮੋਗਾ, 8 ਸਤੰਬਰ (ਸੁਰਿੰਦਰਪਾਲ ਸਿੰਘ)-ਦਫ਼ਤਰੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖ਼ਿਲਾਫ਼ ਅੱਜ ਪੈਨ ਡਾਊਨ ਹੜਤਾਲ ਕਰਨ ਉਪਰੰਤ ਡੀ. ਸੀ.
ਮੋਗਾ, 8 ਸਤੰਬਰ (ਸੁਰਿੰਦਰਪਾਲ ਸਿੰਘ)-ਦਫ਼ਤਰੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖ਼ਿਲਾਫ਼ ਅੱਜ ਪੈਨ ਡਾਊਨ ਹੜਤਾਲ ਕਰਨ ਉਪਰੰਤ ਡੀ.ਸੀ. ਦਫ਼ਤਰ ਮੋਗਾ ਅੱਗੇ ਵਿਸ਼ਾਲ ਰੈਲੀ ਕੀਤੀ ਗਈ। ਸਟੇਜ ਦੀ ਕਾਰਵਾਈ ਦਿਗਵਿਜੇਪਾਲ ਸ਼ਰਮਾ ਨੇ ਨਿਭਾਈ ਅਤੇ ਦੱਸਿਆ ਕਿ 15 ਜਨਵਰੀ 2015 ਦਾ ਮੁਲਾਜ਼ਮ ਮਾਰੂ ਪੱਤਰ ਅਤੇ 17 ਜੁਲਾਈ 2020 ਦਾ ਪੰਜਾਬ ਦੇ ਸਕੇਲ ਖੋਹਣ ਅਤੇ ਕੇਂਦਰੀ ਸਕੇਲ ਲਾਗੂ ਕਰਨ ਵਾਲਾ ਮੁਲਾਜ਼ਮ ਦੋਖੀ ਪੱਤਰ ਵਾਪਸ ਲੈਣ ਦੀ ਮੰਗ ਕੀਤੀ ਜਿਨ੍ਹਾਂ ਤਹਿਤ ਪੰਜਾਬ ਦੇ ਨਵੇਂ ਮੁਲਾਜ਼ਮਾਂ ਨੂੰ ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ ‘ਤੇ ਰੱਖ ਕੇ ਕੇਵਲ ਬੇਸਿਕ ਪੇ 19900 ਰੁਪਏ ਦਿੱਤੀ ਜਾਵੇਗੀ ਅਤੇ ਇਸ ਸਮੇਂ ਇਸ ਤੋਂ ਬਿਨਾਂ ਹੋਰ ਕੋਈ ਭੱਤੇ ਨਹੀਂ ਦਿੱਤੇ ਜਾਣਗੇ। 10 ਫ਼ੀਸਦੀ ਕਟੌਤੀ ਕਰ ਕੇ ਉਨ੍ਹਾਂ ਨੂੰ 17000 ਰੁਪਏ ਵਿਚ ਹੀ ਆਪਣੇ ਘਰ ਦਾ ਗੁਜ਼ਾਰਾ ਕਰਨਾ ਪਵੇਗਾ ਜਦੋਂ ਕਿ ਸਰਕਾਰ ਵਲੋਂ ਪ੍ਰੈੱਸ ਕਾਨਫ਼ਰੰਸਾਂ ਕਰ ਕੇ ਝੂਠਾ ਪ੍ਰਚਾਰ ਕਰ ਕੇ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਲੱਗਣ ਸਾਰ 50 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾ ਰਹੀ ਹੈ। ਸੁਰਜੀਤ ਸਿੰਘ ਗਗੜਾ, ਸੁਖਪਾਲਜੀਤ ਸਿੰਘ, ਬਲੌਰ ਸਿੰਘ ਘਾਲੀ ਨੇ ਆਪਣੇ ਭਾਸ਼ਣ ਦੌਰਾਨ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਕੁਲਦੀਪ ਸਿੰਘ ਪ੍ਰਧਾਨ ਪੀ.ਐਸ.ਐਮ.ਐਸ.ਯੂ. ਤੇ ਪਰਮਪਾਲ ਸਿੰਘ ਨੇ ਪੰਜਾਬ ਦੇ ਠੇਕੇ ‘ਤੇ ਕੰਮ ਕਰਦੇ ਸਮੂਹ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ‘ਤੇ ਪੱਕੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ ਕਿ 65 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਹੈ ਪਰ ਅਸਲੀਅਤ ਵਿਚ ਕੋਈ ਇਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਭਜਨ ਸਿੰਘ ਗਿੱਲ, ਜਗਦੀਸ਼ ਸਿੰਘ ਚਾਹਲ, ਗੁਰਮੇਲ ਸਿੰਘ ਨਾਹਰ ਆਦਿ ਬੁਲਾਰਿਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੁਲਾਜ਼ਮਾਂ ਦੇ ਹੱਕ ਵਿਚ ਆਪਣੇ ਧਰਨਿਆਂ ਵਿਚ ਉਨ੍ਹਾਂ ਦੀ ਹਮਾਇਤ ਕਰਨੀ ਸ਼ਲਾਘਾਯੋਗ ਅਤੇ ਭਰਾਤਰੀ ਸਾਂਝ ਨੂੰ ਤਕੜਾ ਕਰਨ ਦਾ ਇਕ ਚੰਗਾ ਉੱਦਮ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰ ਕੇ ਸਾਰੀਆਂ ਫ਼ਸਲਾਂ ‘ਤੇ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇ। ਭੁਪਿੰਦਰ ਸਿੰਘ ਸੇਖੋਂ ਅਤੇ ਬੁਲਾਰਿਆਂ ਨੇ ਸਰਕਾਰ ਦੀ ਬਦਲਾਖੋਰੀ ਦੀ ਨੀਤੀ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਜਿਸ ਤਹਿਤ 12 ਸਤੰਬਰ ਨੂੰ ਮੋਗਾ ਤੋਂ ਪੈਨਸ਼ਨਰ ਅਤੇ ਮੁਲਾਜ਼ਮ ਵੱਡੀ ਗਿਣਤੀ ਵਿਚ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਦੀ ਰਿਹਾਇਸ਼ ‘ਤੇ ਧਰਨਾ ਤੇ ਵਿਸ਼ਾਲ ਰੈਲੀ ਕਰ ਕੇ ਆਪਣਾ ਰੋਸ ਦਰਜ ਕਰਵਾਉਣਗੇ। ਸੁਰਿੰਦਰ ਰਾਮ ਕੁੱਸਾ ਨੇ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਹਮਾਇਤ ਕਰਨ ਵਾਲੇ ਮੰਤਰੀਆਂ, ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਾਉਣ ਦੀ ਕੜੀ ਵਜੋਂ 19 ਸਤੰਬਰ ਨੂੰ 11 ਵਜੇ ਲਾਡੀ ਢੋਸ ਵਿਧਾਇਕ ਧਰਮਕੋਟ ਦੇ ਘਰ ਅੱਗੇ ਵੱਡੀ ਗਿਣਤੀ ਵਿਚ ਧਰਨਾ ਦਿੱਤਾ ਜਾਵੇਗਾ । ਦਿਲਜੀਤ ਸਿੰਘ ਭੁੱਲਰ, ਜੱਜਪਾਲ ਬਾਜੇਕੇ, ਦਲਵੀਰ ਸਿੰਘ ਸਿੱਧੂ, ਮਨਜੋਤ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਮਾਣਯੋਗ ਹਾਈਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਖ਼ਿਲਾਫ਼ ਮਤਾ ਪਾਸ ਕਰ ਕੇ ਮਾਣਯੋਗ ਹਾਈਕੋਰਟ ਦੀ ਮਾਣਹਾਨੀ ਕੀਤੀ ਹੈ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ‘ਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਵੇ। ਕੁਲਵੀਰ ਸਿੰਘ ਢਿੱਲੋਂ, ਗੁਰਜੰਟ ਸਿੰਘ ਕੋਕਰੀ, ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ 12 ਸਤੰਬਰ ਅਤੇ 19 ਸਤੰਬਰ ਦੇ ਧਰਨਿਆਂ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਅਮਰਜੀਤ ਸਿੰਘ ਸੈਦੋਕੇ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਉਗਰਾਹਾਂ ਵਲੋਂ ਮੁਲਾਜ਼ਮਾਂ ਪੈਨਸ਼ਨਰਾਂ ਦੇ ਹੱਕੀ ਘੋਲ ਦੀ ਆਪਣੀ ਜਥੇਬੰਦੀ ਵਲੋਂ ਪੂਰਨ ਹਮਾਇਤ ਦਾ ਵਿਸ਼ਵਾਸ ਦਿਵਾਇਆ। ਅੰਤ ਵਿਚ ਦਫ਼ਤਰੀ ਮੁਲਾਜ਼ਮਾਂ ਦੇ ਆਗੂ ਕੁਲਦੀਪ ਸਿੰਘ ਡੀ.ਸੀ. ਦਫ਼ਤਰ ਮੋਗਾ ਵਲੋਂ ਰੈਲੀ ਧਰਨੇ ਵਿਚ ਸ਼ਮੂਲੀਅਤ ਕਰਨ ਵਾਲੇ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।