ਮੇਰੀ ਪੰਜਾਬੀ ਮੇਰਾ ਮਾਣ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਸਬੰਧੀ ਮੀਟਿੰਗ
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਅਤੇ ਸਰਪ੍ਰਸਤੀ ਹੇਠ ਅਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਮੇਰੀ ਪੰਜਾਬੀ ਮੇਰਾ ਮਾਣ ਦੇ ਸਬੰਧ ਵਿਚ 23 ਸਤੰਬਰ ਨੂੰ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਨਾਏ ਜਾ ਰਹੇ ਵਿਸ਼ਵ ਪੰਜਾਬੀ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ ਅਤੇ ਪ੍ਰਿੰਸੀਪਲ ਵੇਦ ਪ੍ਰਕਾਸ਼ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਹੇਠ ਸਮੂਹ ਅਧਿਆਪਕਾਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਅਤੇ ਸਰਪ੍ਰਸਤੀ ਹੇਠ ਅਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਮੇਰੀ ਪੰਜਾਬੀ ਮੇਰਾ ਮਾਣ ਦੇ ਸਬੰਧ ਵਿਚ 23 ਸਤੰਬਰ ਨੂੰ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਨਾਏ ਜਾ ਰਹੇ ਵਿਸ਼ਵ ਪੰਜਾਬੀ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ ਅਤੇ ਪ੍ਰਿੰਸੀਪਲ ਵੇਦ ਪ੍ਰਕਾਸ਼ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਹੇਠ ਸਮੂਹ ਅਧਿਆਪਕਾਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਚੇਅਰਮੈਨ ਜਸਵੀਰ ਸਿੰਘ ਅਤੇ ਪ੍ਰਿੰਸੀਪਲ ਵੇਦ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਵਲੋਂ ਮਾਂ-ਬੋਲੀ ਪੰਜਾਬੀ ਦੀ ਮਹੱਤਤਾ, ਮਾਣ ਸਨਮਾਨ ਅਤੇ ਵਿਸ਼ਵ ਪੱਧਰ ‘ਤੇ ਇਸ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਇਤਿਹਾਸਕ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਬਣਦਾ ਮਾਣ ਦਿਵਾਉਣਾ, ਸਾਡੀ ਅਮੀਰ ਵਿਰਾਸਤ, ਸਭਿਆਚਾਰ ਤੇ ਲੋਕ ਜੀਵਨ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਹੈ। ਇਸ ਮਿਸ਼ਨ ਨੂੰ ਸਕੂਲ ਪੱਧਰ ‘ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਦੀ ਰੂਪ-ਰੇਖਾ ਉਲੀਕੀ ਗਈ, ਜਿਸ ਵਿਚ ਮੇਰਾ ਦਸਤਖ਼ਤ, ਮੇਰੀ ਪੰਜਾਬੀ ਹੇਠ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਆਪਣੇ ਰੋਜ਼ਾਨਾ ਕੰਮਕਾਜ ਵਿਚ ਪੰਜਾਬੀ ‘ਚ ਦਸਤਖ਼ਤ ਕਰਨ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਨ, ਇਕ ਲਿਖਤ ਪੰਜਾਬੀ ਦੇ ਨਾਮ ਹੇਠ ਮਾਂ-ਬੋਲੀ ਦੇ ਸਤਿਕਾਰ ਵਿਚ ਆਪਣੀਆਂ ਕਵਿਤਾਵਾਂ, ਲੇਖ ਤੇ ਵਿਚਾਰ ਲਿਖਣ, ਮਾਂ-ਬੋਲੀ ਪੰਜਾਬੀ ਪੈਂਤੀ ਰਾਹੀਂ ਅੱਖਰ-ਬੋਧ ਤੇ ਸੁੰਦਰ ਲਿਖਾਈ ਦੀ ਮਹੱਤਤਾ ਦਰਸਾਉਣ ਅਤੇ ਮੇਰਾ ਮੋਬਾਈਲ-ਮੇਰੀ ਪੰਜਾਬੀ ਰਾਹੀਂ ਮੋਬਾਈਲ ਫੋਨਾਂ ਵਿਚ ਪੰਜਾਬੀ ਕੀਬੋਰਡ ਦੀ ਵਰਤੋਂ ਵਧਾਉਣ ਲਈ ਪ੍ਰੇਰਿਤ ਕਰਨ ਦੇ ਪ੍ਰੋਗਰਾਮ ਸ਼ਾਮਿਲ ਹਨ। ਮੀਟਿੰਗ ਦੇ ਅੰਤ ਵਿਚ 23 ਸਤੰਬਰ (ਬੁੱਧਵਾਰ) ਨੂੰ ਸ਼ਾਮ 3 ਵਜੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਆਯੋਜਿਤ ਹੋਣ ਵਾਲੇ ਰਾਜ ਪੱਧਰੀ ਇਤਿਹਾਸਕ ਸਮਾਰੋਹ ਦਾ ਜ਼ਿਕਰ ਕਰਦਿਆਂ ਚੇਅਰਮੈਨ ਜਸਵੀਰ ਸਿੰਘ ਅਤੇ ਪ੍ਰਿੰਸੀਪਲ ਵੇਦ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਵਿਅਕਤੀਆਂ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ, ਜਿਸ ਲਈ ਚਾਹਵਾਨ ਵਿਅਕਤੀ ਆਪਣਾ ਪੰਜਾਬ ਫਾਊਂਡੇਸ਼ਨ ਦੇ ਕਿਸੇ ਵੀ ਡਾਇਰੈਕਟਰ ਨਾਲ ਸੰਪਰਕ ਕਰ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਨੇ ਸਮੂਹ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਆਪਣੀ ਮਾਂ-ਬੋਲੀ ਦੇ ਸੱਚੇ ਵਾਰਿਸ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਪਛਾਣਦਿਆਂ ਇਸ ਮਹਾਨ ਮਿਸ਼ਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵਿਸ਼ਵ ਪੰਜਾਬੀ ਦਿਵਸ ਨੂੰ ਪੂਰੇ ਉਤਸ਼ਾਹ ਨਾਲ ਮਨਾ ਕੇ ਯਾਦਗਾਰੀ ਬਣਾਉਣ ਦਾ ਪੁਰਜ਼ੋਰ ਹੋਕਾ ਦਿੱਤਾ।