ਮੂਨਕ, 6 ਜਨਵਰੀ (ਪ੍ਰਵੀਨ ਮਦਾਨ) - ਇਲਾਕੇ ਵਿਚ ਚੋਰੀਆਂ ਦੀ ਭਰਮਾਰ ਹੈ | ਬੀਤੇ ਦਿਨਾਂ ਤੋ ਧਾਰਮਿਕ ਸਥਾਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ | ਬੀਤੀ ਰਾਤ ਥਾਣੇ ਅਤੇ ਡੀ.ਐਸ.ਪੀ. ਦਫ਼ਤਰ ਦੇ ਨੇੜੇ ਦੁਰਗਾ ਮੰਦਿਰ ਵਿਚ ਚੋਰੀ ਨੇ ਪੁਲਿਸ 'ਤੇ ਸਵਾਲ ਖੜੇ ਕੀਤੇ ਹਨ | ਜਾਣਕਾਰੀ ਦਿੰਦਿਆਂ ਪੰਡਿਤ ਭੂਸ਼ਣ ਸ਼ਰਮਾ ਨੇ ਦੱਸਿਆ ਕੀ ਉਹ ਰੋਜ ਦੀ ਤਰਾਂ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਮੰਦਿਰ ਆਏ, ਬਾਹਰਲਾ ਤਾਲਾ ਤੇ ਕੈਂਚੀ ਗੇਟ ਖੋਲ੍ਹ ਉਹ ਮੰਦਿਰ ਵਿਚ ਦਾਖਲ ਹੋਏ ਤਾਂ ਮੰਦਿਰ ਵਿਚ ਸਮਾਨ ਖਿੱਲਰਿਆ ਪਿਆ ਸੀ ਅਤੇ ਛੱਤ 'ਤੋਂ ਰੱਸੀ ਲਮਕ ਰਹੀ ਸੀ | ਇਹ ਸਭ ਦੇਖ ਉਹ ਘਬਰਾ ਗਏ ਅਤੇ ਕਮੇਟੀ ਮੈਂਬਰਾਂ ਅਤੇ ਭਗਤਾਂ ਨੂੰ ਸੂਚਿਤ ਕੀਤਾ ਇਸ ਦੌਰਾਨ ਥਾਣਾ ਮੂਨਕ ਵਿਚ ਸੂਚਨਾ ਦਿੱਤੀ ਗਈ | ਉਨ੍ਹਾਂ ਦੱਸਿਆ ਕੀ ਛੇ ਤੋਂ ਸਤ ਹਜ਼ਾਰ ਲਗਭਗ ਚੜ੍ਹਾਵੇ ਦੀ ਨਕਦ ਰਕਮ ਚੋਰੀ ਹੋਣ ਦੀ ਸੰਭਾਵਨਾ ਹੈ | ਅੱਜ ਰਾਤ ਹੀ ਚੋਰਾਂ ਨੇ ਕਿਲੇ ਵਾਲੇ ਪੀਰ ਬਾਬਾ ਦੇ ਧਾਰਮਿਕ ਸਥਾਨ 'ਤੇ ਵੀ ਕੀਤੀ ਚੋਰੀ ਕਰ ਇਹ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਦਾ ਡਰ, ਨਹੀਂ | ਉਸ ਸਥਾਨ 'ਤੇ ਸੇਵਾ ਕਰਨ ਵਾਲੇ ਮਲਕੀਤ ਸਿੰਘ ਰਾਓ ਨੇ ਦੱਸਿਆ ਕੀ ਬੀਤੀ ਰਾਤ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਅਨੁਸਾਰ ਦੋ ਵਿਅਕਤੀ ਲਗਭਗ ਤਿੰਨ ਵਜੇ ਦੇ ਕਰੀਬ ਆਏ ਉਨ੍ਹਾਂ ਤਿੰਨ ਗਲਿਆਂ ਵਿਚੋਂ ਪੰਜ ਤੋ ਸੱਤ ਹਜ਼ਾਰ ਦੀ ਚੋਰੀ ਕਰ ਲਈ | ਉਨ੍ਹਾਂ ਦੱਸਿਆ ਕੀ ਇਸ ਤੋਂ ਪਹਿਲਾਂ ਵੀ ਹੋਈ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਪਰ ਕੋਈ ਸੁਰਾਗ ਨਹੀ ਲਗਾ ਅੱਜ ਵੀ ਸੂਚਨਾ ਦਿੱਤੀ ਗਈ ਹੈ | ਗੱਲ ਮੂਨਕ ਇਲਾਕੇ ਦੀ ਕਰੀਏ ਤਾਂ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਮੋਟਰਾਂ ਤੇ ਤਾਰਾਂ ਦੀਆਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ | ਐਸ.ਐਚ.ਓ. ਮੂਨਕ ਗੁਰਮੀਤ ਸਿੰਘ ਨੇ ਦੱਸਿਆ ਕੀ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ |