ਸ਼ੇਰਪੁਰ, 6 ਜਨਵਰੀ (ਮੇਘ ਰਾਜ ਜੋਸ਼ੀ) - ਪਿਛਲੇ ਕਰੀਬ 7 ਸਾਲਾਂ ਤੋਂ ਗੱਡੀਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਵਿਚ ਅੱਖਰ ਦੀ ਜੋਤ ਜਗਾਉਣ ਲੱਗੇ ਹੋਏ ਪਿੰਡ ਪੰਜਗਰਾਈਆਂ ਦੇ ਸਮਾਜ ਸੇਵੀ ਰਾਜੇਸ਼ ਰਿਖੀ ਦੇ ਕੰਮ ਦੀ ਚੁਫੇਰਿਓਾ ਸ਼ਲਾਘਾ ਹੋ ਰਹੀ ਹੈ, ਦੱਸਣਯੋਗ ਹੈ ਕਿ ਰਾਜੇਸ਼ ਰਿਖੀ ਜਿੱਥੇ ਝੁੱਗੀ ਝੋਂਪੜੀਆਂ ਦੇ ਵਿਚ ਰਹਿੰਦੇ ਲੋਕਾਂ ਦੀ ਸੇਵਾ ਲਈ ਟੀਮ ਰੌਸ਼ਨੀ ਮੁਹਿੰਮ ਚਲਾ ਰਹੇ ਹਨ ਉੱਥੇ ਹੀ ਗੱਡੀਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਤੇ ਪੜ੍ਹਾਈ ਸਮਗਰੀ ਵੰਡਣ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਵੱਖ-ਵੱਖ ਸਮਿਆਂ ਤੇ ਆਉਣ ਵਾਲੇ ਦਿਨ ਤਿਉਹਾਰਾਂ ਮੌਕੇ ਵੀ ਗੱਡੀਆਂ ਵਾਲੇ ਪਰਿਵਾਰਾਂ ਨੂੰ ਫਲ ਕੱਪੜੇ ਵੰਡ ਕੇ ਸੇਵਾ ਕਰਦੇ ਆ ਰਹੇ ਹਨ | ਇਸ ਮੌਕੇ ਗੱਲਬਾਤ ਕਰਦੇ ਹੋਏ ਰਾਜੇਸ਼ ਰਿਖੀ ਨੇ ਦੱਸਿਆ ਕਿ ਗੱਡੀਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਗੱਡੀਆਂ ਵਿਚ ਆ ਕੇ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਇਸ ਕਦਰ ਤਿਆਰ ਕੀਤਾ ਜਾਂਦਾ ਹੈ ਕਿ ਉਹ ਅੱਖਰਾਂ ਨਾਲ ਮੋਹ ਪਾ ਕੇ ਸਕੂਲ ਤੱਕ ਪਹੁੰਚ ਜਾਣ, ਉਨ੍ਹਾਂ ਦੱਸਿਆ ਕੇ ਟੀਮ ਦੀ ਸਫਲਤਾ ਇਹ ਹੈ ਕੇ ਕਈ ਬੱਚੇ ਸਰਕਾਰੀ ਸਕੂਲ ਤੱਕ ਪੜ੍ਹਨ ਪਹੁੰਚ ਚੁੱਕੇ ਹਨ, ਉਨ੍ਹਾਂ ਕਿਹਾ ਕੇ ਅੱਖਰ ਦਾਨ ਸਭ ਤੋਂ ਅਹਿਮ ਹੈ, ਕਿਉਂਕਿ ਦਿੱਤਾ ਗਿਆ ਹੋਰ ਕੋਈ ਵੀ ਦਾਨ ਇੱਕ ਸਮੇਂ ਖ਼ਤਮ ਹੋ ਸਕਦਾ ਹੈ ਅਤੇ ਅੱਖਰ ਗਿਆਨ ਰਾਹੀਂ ਕਾਬਿਲ ਬਣਿਆ ਇਨਸਾਨ ਉਮਰ ਭਰ ਲਈ ਆਪਣੇ ਪੈਰਾਂ 'ਤੇ ਹੋ ਜਾਂਦਾ ਹੈ, ਇਹਨਾਂ ਪਰਿਵਾਰਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਇਸੇ ਲਈ ਇਹ ਸੇਵਾ ਕੀਤੀ ਜਾ ਰਹੀ ਹੈ |