ਅਮਰਗੜ੍ਹ, 6 ਜਨਵਰੀ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਅੱਜ ਹਲਕਾ ਅਮਰਗੜ੍ਹ ਦੇ ਪਿੰਡ ਨਾਰੀਕੇ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਪਾਰਟੀ ਵਰਕਰ ਅਤੇ ਆਗੂ ਮੌਜੂਦ ਸਨ | ਆਪਣੇ ਸੰਬੋਧਨ ਦੌਰਾਨ ਡਾ. ਅਮਰ ਸਿੰਘ ਨੇ ਵਰਕਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਮਰ ਕੱਸਣ ਦਾ ਸੱਦਾ ਦਿੱਤਾ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਰਿਕਾਰਡ ਤੋੜ ਸੀਟਾਂ ਹਾਸਲ ਕਰ ਕੇ ਪੰਜਾਬ 'ਚ ਨਿਰੋਲ ਕਾਂਗਰਸ ਦੀ ਸਰਕਾਰ ਬਣਾਏਗੀ | ਲੰਘੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ ਪਰ ਵਰਕਰਾਂ ਵਲੋਂ ਪੂਰੀ ਦਿ੍ੜ੍ਹਤਾ ਅਤੇ ਹੌਸਲੇ ਨਾਲ ਲੜੀ ਗਈ ਲੜਾਈ ਕਾਬਿਲ-ਏ-ਤਾਰੀਫ਼ ਹੈ | ਇਸ ਦੇ ਨਾਲ ਹੀ ਉਨ੍ਹਾਂ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਜਿਹੜੇ ਆਗੂਆਂ ਨੇ ਪਾਰਟੀ ਵਿਚ ਰਹਿ ਕੇ ਉਮੀਦਵਾਰਾਂ ਦਾ ਵਿਰੋਧ ਕੀਤਾ ਅਤੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ | ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਵਰ੍ਹਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਮਨਰੇਗਾ ਸਬੰਧੀ ਲਏ ਗਏ ਫ਼ੈਸਲੇ ਗ਼ਰੀਬ ਮਾਰੂ ਹਨ | ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ 8 ਤੋਂ 12 ਜਨਵਰੀ ਤੱਕ ਕਾਂਗਰਸ ਪਾਰਟੀ ਮਜ਼ਦੂਰਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਭਾਜਪਾ ਦੀਆਂ ਕੋਝੀਆਂ ਚਾਲਾਂ ਤੋਂ ਜਾਣੂ ਕਰਵਾਏਗੀ ਤੇ ਪੂਰੇ ਦੇਸ਼ ਵਿਚ 10 ਤੋਂ 25 ਜਨਵਰੀ ਤੱਕ ਇੱਕ ਵੱਡੀ ਮੁਹਿੰਮ ਵਿੱਢੀ ਜਾਵੇਗੀ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਮਿਤ ਸਿੰਘ ਮਾਨ, ਐਮ.ਡੀ ਸਵਰਨਜੀਤ ਸਿੰਘ ਪਨੇਸਰ ਦਸਮੇਸ਼ ਮਕੈਨੀਕਲ ਵਰਕਸ ਅਮਰਗੜ੍ਹ, ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਸੰਗਾਲੀ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਨਾਰੀਕੇ, ਸਾਬਕਾ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਨੱਥੂਮਾਜਰਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਮੰਨਵੀ, ਸਾਬਕਾ ਚੇਅਰਮੈਨ ਪਲਵਿੰਦਰ ਸਿੰਘ ਚੰਨਾ, ਪ੍ਰਧਾਨ ਪਿ੍ੰਸ ਜੋਸ਼ੀ ਅਮਰਗੜ੍ਹ, ਰੂਬਲ ਸਿੰਘ ਨਾਰੀਕੇ, ਲਾਲ ਸਿੰਘ ਨਾਰੀਕੇ, ਕੁਲਵਿੰਦਰ ਸਿੰਘ ਟਿਵਾਣਾ ਲਸੋਈ, ਚੇਤੰਨ ਸਿੰਘ ਚੌਂਦਾ, ਬਾਬਾ ਸੰਤੋਖ ਸਿੰਘ ਆੜ੍ਹਤੀਆ, ਮੇਜਰ ਸਿੰਘ ਮੰਨਵੀ, ਪੰਚ ਜਗਤਾਰ ਸਿੰਘ ਲਾਂਗੜੀਆਂ, ਸਾਬਕਾ ਸਰਪੰਚ ਪਵਿੱਤਰ ਸਿੰਘ ਢੰਡੇ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨਿਆਮਤਪੁਰ ਅਤੇ ਯਾਦਵਿੰਦਰ ਸਿੰਘ ਯਾਦੂ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |