ਸ਼ੇਰਪੁਰ, 25 ਜਨਵਰੀ (ਦਰਸ਼ਨ ਸਿੰਘ ਖੇੜੀ) - ਗਣਤੰਤਰ ਦਿਵਸ ਦੇ ਮੱਦੇਨਜ਼ਰ ਨਾਕਾਬੰਦੀ ਮੌਕੇ ਚੱਲਦੀ ਸਖਤ ਚੈਕਿੰਗ ਦੌਰਾਨ ਕਾਤਰੋ ਚੌਂਕ ਸ਼ੇਰਪੁਰ ਤੋ ਸ਼ੇਰਪੁਰ ਪੁਲਿਸ ਨੂੰ 17 ਲੱਖ 10 ਹਜ਼ਾਰ 750 ਰੁਪਏ ਦੀ ਸ਼ੱਕੀ ਰਾਸ਼ੀ ਬਰਾਮਦ ਹੋਈ ਹੈ | ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਬਲੌਰ ਸਿੰਘ ਚਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਕਰੀਬ 9 ਤੋਂ 10 ਵਜੇ ਦੇ ਦਰਮਿਆਨ ਚੱਲਦੀ ਚੈਕਿੰਗ ਮੌਕੇ ਪਾਰਸ ਵਾਸੀ ਤੋਤਾਪੁਰੀ ਰੋਡ ਧੂਰੀ ਗੱਡੀ ਵਿਚ ਸਵਾਰ ਸੀ, ਕੋਲੋਂ ਇਹ ਸ਼ੱਕੀ ਰਾਸ਼ੀ ਬਰਾਮਦ ਹੋਈ ਹੈ | ਜਿਸ ਦੀ ਪੁੱਛਗਿੱਛ ਦੌਰਾਨ ਇਹ ਇਸ ਰਾਸ਼ੀ ਬਾਰੇ ਕੋਈ ਤਸੱਲੀ ਬਖ਼ਸ਼ ਜਵਾਬ ਤੇ ਸਬੂਤ ਪੇਸ਼ ਨਹੀਂ ਕਰ ਸਕਿਆ | ਉਨ੍ਹਾਂ ਦੱਸਿਆ ਕਿ ਜਿਸ ਬਾਬਤ ਪਾਰਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆ ਕੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਪੈਸਾ ਕਿਥੋਂ ਆਇਆ ਸੀ ਤੇ ਕਿਸ ਮਕਸਦ ਲਈ ਵਰਤਿਆ ਜਾਣਾ ਸੀ | ਇਸ ਮੌਕੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਨਿਰਭੈ ਸਿੰਘ, ਧਰਮਿੰਦਰ ਸਿੰਘ, ਕੁਲਦੀਪ ਸਿੰਘ ਆਦਿ ਮੁਲਾਜ਼ਮ ਮੌਜੂਦ ਸਨ |