ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ (ਭੁੱਲਰ, ਧਾਲੀਵਾਲ) - ਸੰਯੁਕਤ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ, ਡਾ ਅਸ਼ੋਕ ਧਾਵਲੇ, ਆਸੀਸ਼ ਮਿੱਤਲ, ਜਗਮੋਹਨ ਸਿੰਘ, ਰਾਜਨ ਕਸੀਰਸਾਗਰ ਅਤੇ ਜੋਗਿੰਦਰ ਸਿੰਘ ਨੈਣ 'ਤੇ ਆਧਾਰਿਤ ਸੱਤ ਮੈਂਬਰੀ ਪ੍ਰੀਸੀਡੀਅਮ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ, ਹਰਿਆਣਾ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਮਹਾਂਰਾਸ਼ਟਰ ਅਤੇ ਕੇਰਲਾ ਸਮੇਤ 9 ਸੂਬਿਆਂ ਦੇ ਕਰੀਬ 150 ਡੈਲੀਗੇਟਾਂ ਨੇ ਭਾਗ ਲਿਆ | ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਪੱਤਰ 'ਤੇ ਵਿਚਾਰ ਚਰਚਾ ਕਰਨ ਉਪਰੰਤ ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਪੀ. ਕਿ੍ਸ਼ਨਾ ਪ੍ਰਸਾਦ, ਰਮਿੰਦਰ ਸਿੰਘ ਪਟਿਆਲਾ ਅਤੇ ਬਲਦੇਵ ਸਿੰਘ ਨਿਹਾਲਗੜ੍ਹ 'ਤੇ ਗੱਲਬਾਤ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਕਿਸਾਨ ਆਗੂਆਂ ਵਲੋਂ ਪੰਜਾਬ, ਉੜੀਸਾ ਅਤੇ ਮਹਾਰਾਸ਼ਟਰ 'ਚ ਕਿਸਾਨ ਅੰਦੋਲਨ 'ਤੇ ਪੁਲਿਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ | ਮੀਟਿੰਗ ਵਿਚ ਐਸ.ਕੇ.ਐਮ., ਕੇਂਦਰੀ ਟਰੇਡ ਯੂਨੀਅਨਾਂ ਅਤੇ ਖੇਤੀਬਾੜੀ ਮਜ਼ਦੂਰ ਸੰਗਠਨਾਂ ਦੇ ਮੰਚ ਨਾਲ ਤਾਲਮੇਲ ਕਰਨ ਉਪਰੰਤ ਸਾਂਝੇ ਸੰਘਰਸ਼ ਵਿੱਢਣ, 27 ਫਰਵਰੀ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਸ.ਕੇ.ਐਮ. ਦੇ ਵਫ਼ਦ ਵਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਮਿਲਣ, 9 ਮਾਰਚ ਨੂੰ ਦਿੱਲੀ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਕਰਨ, 10 ਮਾਰਚ ਤੋਂ 13 ਅਪ੍ਰੈਲ ਤੱਕ ਦੇਸ ਭਰ ਵਿਚ ਮਹਾਂ ਪੰਚਾਇਤਾਂ ਕਰਨ ਅਤੇ 23 ਮਾਰਚ ਨੂੰ ਮੁਲਕ ਭਰ ਵਿਚ ਸਾਮਰਾਜਵਾਦ ਵਿਰੋਧੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ |