ਮਲੇਰਕੋਟਲਾ, 3 ਮਾਰਚ (ਮਨਜਿੰਦਰ ਸਿੰਘ ਸਰੌਦ)-ਮਲੇਰਕੋਟਲਾ ਵਿਖੇ ਜਮਾਅਤ ਇਸਲਾਮੀ ਹਿੰਦ ਤੇ ਸਟੂਡੈਂਟਸ ਇਸਲਾਮਿਕ ਆਰਗੇਨਾਈਜ਼ੇਸ਼ਨ ਦੀਆਂ ਸਥਾਨਕ ਇਕਾਈਆਂ ਵਲੋਂ ਸਥਾਨਕ ਕਲੱਬ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੁਆਰਾ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੁਸਲਿਮ ਵਰਗ ਦੇ ਰੋਜ਼ੇਦਾਰਾਂ ਤੋਂ ਇਲਾਵਾ ਸੈਂਕੜੇ ਹਿੰਦੂ, ਸਿੱਖ ਵੀਰਾਂ ਨੇ ਸ਼ਾਮਲ ਹੋ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ | ਸਮਾਰੋਹ ਦੀ ਸ਼ੁਰੂਆਤ ਮਾਸਟਰ ਮੁਹੰਮਦ ਸ਼ਮਸ਼ਾਦ ਦੁਆਰਾ ਪਵਿੱਤਰ ਕੁਰਾਨ ਦੀ ਤਲਾਵਤ ਨਾਲ ਕੀਤੀ ਗਈ | ਸੰਸਥਾ ਦੇ ਸਥਾਨਕ ਆਗੂ ਜਨਾਬ ਸ਼ੀਰਾਜ਼ ਅਹਿਮਦ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਰੋਜ਼ਿਆਂ ਦਾ ਵਿਚਾਰ ਕੁੱਝ ਨਾ ਕੁੱਝ ਬਦਲਵੀਂਆਂ ਸ਼ਕਲਾਂ ਵਿਚ ਸੰਸਾਰ ਦੇ ਕਈ ਹੋਰ ਧਰਮਾਂ ਵਿਚ ਵੀ ਵੇਖਣ ਨੂੰ ਮਿਲਦਾ ਹੈ ਤੇ ਇਸ ਨਿਰੋਲ ਇਬਾਦਤ ਦੀ ਪੂਰਤੀ ਮੌਕੇ ਮਿਲਣ ਵਾਲੀ ਖ਼ੁਸ਼ੀ ਨੂੰ ਇਫ਼ਤਾਰ ਪਾਰਟੀ ਦੀ ਸ਼ਕਲ ਵਿਚ ਆਪਣੇ ਹਿੰਦੂ ਸਿੱਖ ਵੀਰਾਂ ਨਾਲ ਸਾਂਝੀ ਕਰਕੇ ਉਹ ਸਮਾਜ ਤੇ ਦੇਸ਼ ਵਾਸੀਆਂ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦੇਣਾ ਚਾਹੁੰਦੇ ਹਨ | ਜਮਾਅਤ ਦੇ ਆਗੂ ਡਾ. ਮੁਹੰਮਦ ਇਰਸ਼ਾਦ ਨੇ ਰੋਜ਼ਿਆਂ ਦੀ ਇਸਲਾਮ ਧਰਮ ਵਿਚ ਮਹੱਤਤਾ ਬਾਰੇ ਦੱਸਿਆ | ਇਕੱਤਰ ਰੋਜ਼ੇਦਾਰਾਂ ਨੂੰ ਸ਼ੁੱਭ ਕਾਮਨਾਵਾਂ ਤੇ ਮੁਬਾਰਕਬਾਦ ਦੇਣ ਵਾਲੇ ਪਤਵੰਤਿਆਂ 'ਚ ਗਿਆਨੀ ਨਰਿੰਦਰ ਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ, ਗਿਆਨੀ ਅਵਤਾਰ ਸਿੰਘ ਗੁਰਦੁਆਰਾ ਸ੍ਰੀ ਸਿੰਘ ਸਭਾ, ਜਨਾਬ ਅਮਜਦ ਅਲੀ ਸਨਅਤਕਾਰ, ਸ੍ਰੀ ਅਜੀਤ ਗੋਗੀਆ ਸਕੱਤਰ ਭਾਰਤ ਵਿਕਾਸ ਪ੍ਰੀਸ਼ਦ, ਗੁਰਿੰਦਰਪਾਲ ਮੜਕਨ, ਸਵਰਨਜੀਤ ਸਿੰਘ ਦਸਮੇਸ਼ ਕੰਬਾਈਨ ਵਾਲੇ, ਨਿਰਮਲ ਸਿੰਘ ਕੇ.ਐਸ. ਵਾਲੇ, ਜਸਵੀਰ ਸਿੰਘ ਦਿਉਲ ਸਾਬਕਾ ਚੇਅਰਮੈਨ, ਕਿੱਟੀ ਚੋਪੜਾ, ਮਾਸਟਰ ਸਾਬਰ ਅਲੀ, ਸ਼ੀਜ਼ਾਨ ਸਾਜਿਦ ਪ੍ਰਧਾਨ ਐਸ.ਆਈ.ਓ. ਦੇ ਨਾਂ ਜ਼ਿਕਰਯੋਗ ਹਨ |