ਸੰਗਰੂਰ, 3 ਮਾਰਚ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੀ ਸੰਸਥਾ 'ਪੰਜਾਬ ਭਵਨ ਸਰੀ (ਕੈਨੇਡਾ)' ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦੇ ਅਣਥੱਕ ਯਤਨਾਂ ਸਦਕਾ ਬਾਲ ਸਾਹਿਤ ਪ੍ਰੋਜੈਕਟ 'ਨਵੀਆਂ ਕਲਮਾਂ ਨਵੀਂ ਉਡਾਣ' ਦੀ ਗੂੰਜ ਹੁਣ ਫਰਾਂਸ (ਯੂਰਪ) ਦੇ ਵਿਹੜੇ ਵਿਚ ਵੀ ਪੈ ਚੁੱਕੀ ਹੈ | ਪ੍ਰਾਜੈਕਟ ਨਾਲ ਜੁੜੇ ਬਲਜੀਤ ਸ਼ਰਮਾ ਨੇ ਦੱਸਿਆ ਕਿ ਸੁੱਖੀ ਬਾਠ ਵਲੋਂ ਵਿੱਢੀ ਗਈ ਇਸ ਮੁਹਿੰਮ ਨੇ ਵਿਦੇਸ਼ਾਂ ਵਿੱਚ ਜੰਮੀ-ਪਲੀ ਪਨੀਰੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ | ਉਨ੍ਹਾਂ ਦੀ ਸੁਚੱਜੀ ਦੇਖ-ਰੇਖ ਹੇਠ ਇਹ ਕਾਰਵਾਂ ਲਗਾਤਾਰ ਵਧ ਰਿਹਾ ਹੈ, ਜਿਸ ਸਦਕਾ ਬੱਚੇ ਹੁਣ ਕੇਵਲ ਪੰਜਾਬੀ ਬੋਲਣਾ ਹੀ ਨਹੀਂ, ਸਗੋਂ ਆਪਣੀ ਮਾਂ-ਬੋਲੀ ਵਿੱਚ ਸਾਹਿਤ ਰਚਨਾ ਵੀ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਸਫਲਤਾਪੂਰਵਕ ਲਿਜਾਣ ਵਿੱਚ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਅਹਿਮ ਭੂਮਿਕਾ ਨਿਭਾਈ ਹੈ | ਉਨ੍ਹਾਂ ਦੱਸਿਆ ਕਿ ਯੂਰਪ ਦੀ ਇੱਕ ਪਲੇਠੀ ਪੁਸਤਕ ਦੀ ਮੁੱਖ ਸੰਪਾਦਨਾ ਬੀਬੀ ਕੁਲਵੰਤ ਕੌਰ ਚੰਨ ਵੱਲੋਂ ਬਹੁਤ ਹੀ ਮਿਹਨਤ ਅਤੇ ਰੀਝ ਨਾਲ ਕੀਤੀ ਗਈ ਹੈ | 18 ਅਪ੍ਰੈਲ ਨੂੰ ਫਰਾਂਸ ਦੇ ਸ਼ਹਿਰ ਵਿਲਪੰਥ ਵਿਖੇ ਇੱਕ ਭਵਿੱਖੀ ਸਮਾਗਮ ਉਲੀਕਿਆ ਗਿਆ ਹੈ | ਇਸ ਮੌਕੇ 'ਨਵੀਆਂ ਕਲਮਾਂ ਨਵੀਂ ਉਡਾਣ' ਦਾ 79ਵਾਂ ਭਾਗ ਅਤੇ ਯੂਰਪ ਦੀ ਪਹਿਲੀ ਪੁਸਤਕ ਲੋਕ-ਅਰਪਣ ਕੀਤੀ ਜਾਵੇਗੀ | ਇਸ ਸਮਾਗਮ ਵਿਚ ਸੁੱਖੀ ਬਾਠ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਇਸ ਮਾਣਮੱਤੇ ਕਾਰਜ ਵਿਚ 'ਅੰਤਰਰਾਸ਼ਟਰੀ ਪੰਜਾਬੀ ਸੁਰ ਸੰਗਮ ਫਰਾਂਸ' ਦੀ ਪੂਰੀ ਟੀਮ ਦਾ ਅਹਿਮ ਸਹਿਯੋਗ ਰਿਹਾ ਹੈ | ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਫਰਾਂਸ ਨੇ ਸੁੱਖੀ ਬਾਠ ਦੀ ਦੂਰਅੰਦੇਸ਼ੀ ਸੋਚ ਅਤੇ ਬੀਬੀ ਕੁਲਵੰਤ ਕੌਰ ਚੰਨ ਦੀ ਲਗਨ ਦੀ ਸ਼ਲਾਘਾ ਕਰਦਿਆਂ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ | ਗੱਲਬਾਤ ਕਰਦਿਆਂ ਸੁੱਖੀ ਬਾਠ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਬੱਚਿਆਂ ਦੇ ਹੱਥਾਂ ਵਿਚੋਂ ਮੋਬਾਈਲ ਛੁਡਵਾ ਕੇ ਕਲਮਾਂ ਫੜਾਉਣਾ ਹੈ | ਫਰਾਂਸ ਵਿੱਚ ਬੱਚਿਆਂ ਅੰਦਰ ਪੰਜਾਬੀ ਪ੍ਰਤੀ ਉਤਸ਼ਾਹ ਦੇਖ ਕੇ ਇਹ ਸਪਸ਼ਟ ਹੈ ਕਿ ਮਾਂ-ਬੋਲੀ ਦਾ ਭਵਿੱਖ ਸੁਨਹਿਰੀ ਹੈ |