ਭਵਾਨੀਗੜ੍ਹ, 5 ਮਾਰਚ (ਰਣਧੀਰ ਸਿੰਘ ਫੱਗੂਵਾਲਾ)-ਬਲਾਕ ਸੰਮਤੀ ਦੇ ਚੇਅਰਮੈਨ ਦੀ ਅੱਜ ਹੋਣ ਵਾਲੀ ਚੋਣ ਵਿਚ ਕਿਸੇ ਵੀ ਮੈਂਬਰ ਵਲੋਂ ਚੋਣ ਮੀਟਿੰਗ ਵਿਚ ਹਾਜ਼ਰ ਨਾ ਹੋਣ ਕਾਰਨ ਮਿਥਿਆ ਸਮਾਂ ਲੰਘ ਜਾਣ 'ਤੇ ਐੱਸ.ਡੀ.ਐਮ ਵਲੋਂ ਮੀਟਿੰਗ ਮੁਲਤਵੀ ਕਰ ਦਿੱਤੀ ਗਈ | ਇਸ ਸਬੰਧੀ ਅੱਜ ਸਵੇਰ ਤੋਂ ਹੀ ਸਥਾਨਕ ਬਲਾਕ ਸੰਮਤੀ ਦਫ਼ਤਰ ਵਿਖੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ | ਸੰਮਤੀ ਦੇ ਦੋਵੇਂ ਗੇਟ ਬੰਦ ਕਰਕੇ ਉਨ੍ਹਾਂ 'ਤੇ ਪੁਲਿਸ ਦਾ ਪਹਿਰਾ ਲਗਾਇਆ ਹੋਇਆ ਸੀ | ਇਸ ਮੌਕੇ 'ਤੇ ਹਾਜ਼ਰ ਐੱਸ.ਡੀ.ਐਮ ਮਨਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਕੋਈ ਵੀ ਬਲਾਕ ਸੰਮਤੀ ਮੈਂਬਰ ਹਾਜ਼ਰ ਨਹੀਂ ਹੋਇਆ | ਉਨ੍ਹਾਂ ਕਰੀਬ 12 ਵਜੇ ਤੱਕ ਮੈਂਬਰਾਂ ਦੀ ਉਡੀਕ ਕਰਕੇ ਸਮਾਂ ਲੰਘ ਜਾਣ 'ਤੇ ਮੀਟਿੰਗ ਮੁਲਤਵੀ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿਚ ਦੁਬਾਰਾ ਮੀਟਿੰਗ ਰੱਖਦਿਆਂ ਹਰ ਮੈਂਬਰ ਨੂੰ ਲਿਖਤੀ ਸੱਦਾ ਦਿੱਤਾ ਜਾਵੇਗਾ ਤਾਂ ਕਿ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਹੋ ਸਕੇ | ਇਸ ਮੌਕੇ 'ਤੇ ਬੀ.ਡੀ.ਪੀ.ਓ ਗੁਰਦਰਸ਼ਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਆਪ ਦੇ 6, ਕਾਂਗਰਸ ਦੇ 6 ਅਤੇ 3 ਆਜ਼ਾਦ ਬਲਾਕ ਸੰਮਤੀ ਮੈਂਬਰ ਹਨ | ਇਸ ਚੋਣ ਸਮੇਂ ਚੇਅਰਮੈਨ ਬਣਾਉਣ ਸਬੰਧੀ ਜਿੱਥੇ ਆਪ ਦੇ 2 ਆਗੂਆਂ ਵਿਚਕਾਰ ਕਥਿਤ ਤੌਰ 'ਤੇ ਪੇਚ ਫਸਿਆ ਹੋਇਆ ਹੈ | ਉਥੇ ਕਾਂਗਰਸ ਦਾ ਬਰਾਬਰ ਦਾ ਧੜਾ ਹੋਣ ਕਾਰਨ ਉਨ੍ਹਾਂ ਵਲੋਂ ਵੀ ਜੋੜ-ਤੋੜ ਦੀ ਨੀਤੀ ਅਪਣਾਈ ਜਾ ਰਹੀ ਹੈ | ਜਾਣਕਾਰੀ ਅਨੁਸਾਰ ਇਸ ਚੋਣ ਸਬੰਧੀ ਗੁਪਤ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ | ਇਹ ਵੀ ਪਤਾ ਲੱਗਿਆ ਹੈ, ਕਿ ਜਿੱਤੇ ਬਲਾਕ ਸੰਮਤੀ ਮੈਂਬਰ ਚੇਅਰਮੈਨ ਬਣਾਉਣ ਲਈ ਨਿੱਜੀ ਲਾਹਾ ਲੈਣ ਦੇ ਵੀ ਰੌਅ ਵਿਚ ਹਨ |