ਲਹਿਰਾਗਾਗਾ, 10 ਮਾਰਚ (ਅਸ਼ੋਕ ਗਰਗ) - ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸੱਦੇ 'ਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਆਗੂ ਤੇ ਵਰਕਰ 11 ਮਾਰਚ ਨੂੰ ਮੁਹਾਲੀ ਪਹੁੰਚ ਕੇ ਵਿਸ਼ਾਲ ਪ੍ਰਦਰਸ਼ਨ ਕਰਨਗੇ | ਇਸ ਸਬੰਧੀ ਜਥੇਬੰਦੀ ਦੀ ਮੀਟਿੰਗ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਬਾਈ ਜਨਰਲ ਸਕੱਤਰ ਹਰਬੰਸ ਸਿੰਘ ਦੀਦਾਰਗੜ੍ਹ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਸਰਕਾਰ ਦੇ ਮੁਲਾਜ਼ਮ ਤੇ ਮਜ਼ਦੂਰ ਵਿਰੋਧੀ ਵਤੀਰੇ ਦੀ ਸਖਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਨਹੀਂ ਕਰਨਾ ਚਾਹੁੰਦੀ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਜਲ ਤੋਪਾਂ ਤੇ ਅੱਥਰੂ ਗੈੱਸ ਦੇ ਗੋਲੇ ਛੱਡਣ ਦੀ ਸਖਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੁੱਧ ਤਸ਼ੱਦਦ ਸਰਕਾਰ ਦੇ ਕਫ਼ਨ ਵਿੱਚ ਕਿੱਲ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਸੰਘਰਸ਼ ਡੰਡੇ ਨਾਲ ਦਬਾਏ ਨਹੀਂ ਜਾ ਸਕਦੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਅਤੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਵਰਗ ਦੇ ਮਸਲੇ ਸ਼ਾਂਤੀ ਪੂਰਨ ਹੱਲ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸਰਕਾਰ ਦੇ 4 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 16 ਮਹਿੰਗਾਈ ਭੱਤਾ ਜਾਰੀ ਨਹੀਂ ਕੀਤਾ ਜਾ ਰਿਹਾ | ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਮੁੱਦੇ ਨੂੰ ਜਾਣ ਬੁਝ ਕੇ ਲਟਕਾਇਆਂ ਜਾ ਰਿਹਾ ਹੈ | ਬਿਜਲੀ ਨਿਗਮ ਵਿੱਚ ਮੁਲਾਜ਼ਮਾਂ ਦੀਆਂ ਨਜਾਇਜ਼ ਬਦਲੀਆਂ ਸਿਆਸੀ ਬਦਲਾਖੋਰੀ ਤਹਿਤ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਜਾਰੀ ਨਹੀ ਕੀਤੀਆਂ ਜਾ ਰਹੀਆਂ | ਸਰਕਾਰ ਦੇ ਮੁਲਾਜ਼ਮ ਮਾਰੂ ਵਤੀਰੇ ਵਿਰੁੱਧ ਅਤੇ ਬਿਜਲੀ ਐਕਟ 2025 ਨੂੰ ਲਾਗੂ ਕਰਨ ਵਿਰੁੱਧ 10 ਮਾਰਚ ਨੰੂ ਸਬ ਡਵੀਜ਼ਨ ਪੱਧਰ 'ਤੇ ਰੈਲੀਆਂ ਕਰਕੇ ਮੁਲਾਜ਼ਮ ਵਰਗ ਨੂੰ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਲਾਮਬੰਧ ਕੀਤਾ ਜਾਵੇਗਾ | ਮੀਟਿੰਗ 'ਚ ਜਥੇਬੰਦੀ ਦੇ ਸੂਬਾਈ ਆਗੂ ਪੂਰਨ ਸਿੰਘ ਖਾਈ, ਰਘਬੀਰ ਸਿੰਘ ਘੱਗਾ, ਜ਼ਸਵੰਤ ਸਿੰਘ ਪੰਨੂੰ, ਰਾਮਚੰਦਰ ਸਿੰਘ ਖਾਈ, ਦਰਸ਼ਨ ਸਿੰਘ ਰਾਜੀਆ, ਰਿਸੂ ਅਰੋੜਾ, ਬਲਵਿੰਦਰ ਸਿੰਘ ਬੱਲਰਾਂ, ਹਰਵਿੰਦਰ ਸਿੰਘ ਚੱਠਾ, ਹਰੀ ਸਿੰਘ ਪਾਤੜਾਂ, ਪਿਰਤਪਾਲ ਸਿੰਘ ਲਾਡੀ, ਰਵੀ ਲੌਂਗੋਵਾਲ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ |