ਸ਼ੇਰਪੁਰ, 12 ਮਾਰਚ (ਮੇਘ ਰਾਜ ਜੋਸ਼ੀ) - ਸ਼ੇਰਪੁਰ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ | ਤਾਜ਼ਾ ਮਾਮਲੇ ਵਿੱਚ ਸ਼ੇਰਪੁਰ ਵਿਖੇ ਦਾਣਾ ਮੰਡੀ ਰੋਡ ਤੋਂ ਦਰਜਨਾਂ ਕਿਸਾਨਾਂ ਦੀਆਂ ਖੇਤੀਬਾੜੀ ਮੋਟਰਾਂ ਦੀਆ ਤਾਰਾਂ ਰਾਤ ਸਮੇਂ ਚੋਰਾਂ ਨੇ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਨਸ਼ਨਰਜ਼ ਯੂਨੀਅਨ ਦੇ ਆਗੂ ਮਾਸਟਰ ਜੋਗਿੰਦਰ ਸਿੰਘ ਨਾਗ ਨੇ ਦੱਸਿਆ ਕਿ ਪਿਛਲੇ ਦਿਨੀਂ ਅਣਪਛਾਤੇ ਚੋਰਾਂ ਵੱਲੋਂ ਉਨ੍ਹਾਂ ਦੇ ਖੇਤਾਂ ਵਿੱਚ ਬਣੇ ਕੋਠਿਆਂ ਦੇ ਜਿੰਦੇ ਤੋੜ ਕੇ ਮੋਟਰਾਂ ਨਾਲ ਜੁੜੀਆਂ ਬਿਜਲੀ ਦੀਆਂ ਦੋਵੇਂ ਤਾਰਾਂ ਚੋਰੀ ਕਰ ਲਈਆਂ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ-ਨਾਲ ਨਜ਼ਦੀਕੀ ਦਰਜਨਾਂ ਹੋਰ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੀ ਇਸੇ ਤਰੀਕੇ ਨਾਲ ਕੱਟ ਕੇ ਚੋਰੀ ਕੀਤੀਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਆਰਥਿਕ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਹੋਰ ਦੱਸਿਆ ਕਿ ਇਸ ਸਬੰਧੀ ਥਾਣਾ ਸ਼ੇਰਪੁਰ ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਤੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕਰਕੇ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਮੌਕੇ ਪੈਨਸ਼ਨਰਜ਼ ਯੂਨੀਅਨ ਦੇ ਆਗੂ ਮਾਸਟਰ ਜੋਗਿੰਦਰ ਸਿੰਘ ਨਾਗ, ਅਮਰੀਕ ਸਿੰਘ ਬੜਿੰਗ, ਗੁਰਮੀਤ ਸਿੰਘ, ਕੇਸਰ ਸਿੰਘ ਜਵੰਦਾ, ਪਾਲ ਸਿੰਘ, ਚਰਨ ਸਿੰਘ, ਲਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ |