ਕੌਹਰੀਆਂ, 12 ਅਪ੍ਰੈਲ (ਸੁਨੀਲ ਕੁਮਾਰ ਗਰਗ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਡਾ. ਨਾਇਬ ਸਿੰਘ ਰੋਗਲਾ, ਸਤਪਾਲ ਸਿੰਘ ਹਰੀਕਾ ਸ਼ਾਦੀਹਰੀ ਨੇ ਦਾਅਵਾ ਕੀਤਾ ਕਿ ਸੰਗਰੂਰ, ਬਰਨਾਲਾ ਮਲੇਰਕੋਟਲਾ ਜ਼ਿਲਿ੍ਹਆਂ ਵਿੱਚ ਢੀਂਡਸਾ ਪਰਿਵਾਰ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਟਾਂ ਜਿੱਤਣਾ ਜੋਖ਼ਮ ਭਰਿਆ ਕੰਮ ਹੈ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਡਾਕਟਰ ਨਾਇਬ ਸਿੰਘ ਰੋਗਲਾ, ਸਤਪਾਲ ਸਿੰਘ ਹਰੀਕਾ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਉਪਰੋਕਤ ਹਲਕਿਆਂ ਵਿੱਚ ਢੀਂਡਸਾ ਪਰਿਵਾਰ ਦਾ ਜਨ ਅਧਾਰ ਬਹੁਤ ਜ਼ਿਆਦਾ ਹੈ ਅਤੇ ਉਹ ਇਹਨਾਂ ਜ਼ਿਲਿ੍ਹਆਂ ਦੇ ਲੋਕਾਂ ਨਾਲ ਪਰਿਵਾਰਿਕ ਤੌਰ 'ਤੇ ਜੁੜੇ ਹੋਏ ਹਨ | ਇਸ ਤੋਂ ਇਲਾਵਾ ਹਰੇਕ ਪਰਿਵਾਰ ਦੇ ਦੁੱਖ ਸੁੱਖ ਵਿਚ ਢੀਂਡਸਾ ਪਰਿਵਾਰ ਹਾਜ਼ਰੀ ਲਵਾਉਂਦਾ ਹੈ | ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੀ ਸਿਆਸਤ ਵਿਚ ਇੱਕ ਦਰਵੇਸ ਅਤੇ ਇਮਾਨਦਾਰ ਆਗੂ ਵਜੋਂ ਜਾਣੇ ਜਾਂਦੇ ਹਨ | ਜਿਨ੍ਹਾਂ ਨੇ ਵਿੱਤ ਮੰਤਰੀ ਹੁੰਦਿਆਂ ਲਹਿਰਾ ਹਲਕੇ ਦਾ ਹੱਦ ਤੋਂ ਵੱਧ ਵਿਕਾਸ ਕੀਤਾ ਸੀ | ਜੇਕਰ ਇਹ ਕਹਿ ਲਈਏ ਕਿ ਖ਼ਜ਼ਾਨੇ ਦਾ ਮੂੰਹ ਇਹਨਾਂ ਹਲਕਿਆਂ ਵਿਚ ਹੀ ਖੋਲ੍ਹ ਦਿੱਤਾ ਸੀ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ | ਢੀਂਡਸਾ ਪਰਿਵਾਰ ਨੇ ਉਪਰੋਕਤ ਜ਼ਿਲੇ੍ਹ ਦੇ ਹਲਕਿਆਂ ਤੋਂ ਇਲਾਵਾ ਪੂਰੇ ਪੰਜਾਬ ਵਿਚ ਆਪਣਾ ਸਿਆਸੀ ਕੱਦ ਹੋਰ ਵੀ ਉੱਚਾ ਕਰ ਲਿਆ ਸੀ | ਜਿਸ ਕਰ ਕੇ ਜੇਕਰ ਪਰਮਿੰਦਰ ਸਿੰਘ ਢੀਂਡਸਾ ਇਨ੍ਹਾਂ ਜ਼ਿਲਿ੍ਹਆਂ ਦੇ ਕਿਸੇ ਵੀ ਹਲਕੇ ਵਿੱਚ ਚੋਣ ਲੜਦੇ ਹਨ ਤਾਂ ਉਨ੍ਹਾਂ ਦਾ ਹੱਥ ਸਭ ਤੋਂ ਉੱਪਰ ਹੋਵੇਗਾ |