ਦਿੜ੍ਹਬਾ ਮੰਡੀ, 12 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਮੰਡੀਆਂ ਵਿਚ ਕਣਕ ਦੀ ਖ਼ਰੀਦ ਨਾ ਹੋਣ ਕਰ ਕੇ ਕਿਸਾਨਾਂ ਮੰਡੀਆਂ 'ਚ ਰਾਤਾਂ ਕੱਟਣ ਲਈ ਮਜਬੂਰ ਹੋ ਰਹੇ | ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਾ ਹੋਣ ਕਰ ਕੇ ਮੰਡੀਆਂ ਭਰ ਗਈਆ ਹਨ | ਕਿਸਾਨ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਮੰਡੀਆਂ ਵਿੱਚ ਬੈਠੇ ਹਨ | ਖ਼ਰੀਦ ਏਜੰਸੀ ਕਣਕ ਖ਼ਰੀਦ ਨਹੀਂ ਰਹੀ | ਕਿਉਂਕਿ ਮੌਸਮ ਖ਼ਰਾਬ ਹੋਣ ਕਰ ਕੇ ਕੁੱਝ ਦਾਣਾ ਕਮਜ਼ੋਰ ਰਹਿ ਗਿਆ ਹੈ | ਜਿਸ ਕਰ ਕੇ ਖ਼ਰੀਦ ਏਜੰਸੀ ਖ਼ਰੀਦ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਉਡੀਕ ਕਰ ਰਹੀਆਂ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਮੁੱਚੇ ਪੰਜਾਬ ਵਿੱਚ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕਰੇ | ਪੰਜਾਬ ਸਰਕਾਰ 1 ਅਪ੍ਰੈਲ ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕਰ ਰਹੀ ਹੈ | ਪਰ ਹਕੀਕਤ ਇਹ ਹੈ ਕਿ 13 ਅਪ੍ਰੈਲ ਤੱਕ ਵੀ ਬਹੁਤੀਆਂ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਮੁਕੰਮਲ ਨਹੀਂ ਹਨ | ਪਿਛਲੇ 8 ,10 ਦਿਨਾਂ ਤੋਂ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਰਾਤਾਂ ਮੰਡੀਆਂ ਵਿੱਚ ਕੱਟਣ ਲਈ ਮਜਬੂਰ ਹਨ | ਇੱਕ ਵੀ ਢੇਰੀ ਦੀ ਸਰਕਾਰੀ ਖ਼ਰੀਦ ਨਹੀਂ ਹੋਈ ਹੈ | ਮੰਡੀਆਂ ਵਿੱਚ ਨਾ ਸਰਕਾਰੀ ਖ਼ਰੀਦ ਹੈ, ਨਾ ਬਾਰਦਾਨਾ ਹੈ ਤੇ ਨਾ ਹੀ ਮੰਡੀਆਂ ਵਿੱਚ ਸਾਫ ਸਫਾਈ ਦੇ ਪ੍ਰਬੰਧ ਮੁਕੰਮਲ ਹੋਏ ਹਨ | ਇਸ ਦੇ ਬਾਵਜੂਦ ਮੰਡੀਆਂ ਵਿੱਚ ਕਣਕ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ | ਉਨਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਆੜ੍ਹਤੀਆਂ ਨਾਲ ਰਾਬਤਾ ਨਹੀਂ ਰੱਖਿਆ | ਜਿਸ ਕਰ ਕੇ ਹੜਤਾਲ ਰਹੀ | ਹੁਣ ਖ਼ਰੀਦ ਇੰਸਪੈਕਟਰਾਂ ਦੀ ਹੜਤਾਲ ਜਾਰੀ ਹੈ | ਲੇਬਰ ਤੇ ਟਰੱਕ ਉਪਰੇਟਰ ਹੜਤਾਲ ਤੇ ਜਾ ਸਕਦੇ ਹਨ | ਇਹ ਸਾਰੀਆਂ ਘਾਟਾਂ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਹੀ ਹਨ | ਇੱਕ ਸਰਕਾਰੀ ਲਾਪਰਵਾਹੀਆਂ ਦੂਜੇ ਪਾਸੇ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ | ਜਿਸ ਕਾਰਨ ਕਿਸਾਨ ਦੂਹਰੀ ਮਾਰ ਝੱਲ ਰਹੇ ਹਨ | ਸ ਹਰੀਗੜ੍ਹ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਖ਼ਰੀਦ ਤੇ ਲਾਈਆਂ ਸ਼ਰਤਾਂ ਤੁਰੰਤ ਵਾਪਸ ਲਵੇ | ਜੇਕਰ ਸਰਕਾਰ ਵੱਲੋਂ ਤੁਰੰਤ ਨਿਰਵਿਘਨ ਖ਼ਰੀਦ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |