ਮਲੇਰਕੋਟਲਾ, 16 ਅਪ੍ਰੈਲ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਤੇ ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਖ਼ਰੀਦ ਮਾਪ ਦੰਡਾਂ ਦੇ ਪੂਰਾ ਨਾ ਹੋਣ ਦੇ ਪੁਰਾਣੇ ਬਹਾਨੇ ਹੇਠ ਕਣਕ ਦੀ ਖ਼ਰੀਦ ਨਾ ਕਰਨ ਦੇ ਵਿਰੋਧ 'ਚ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ, ਝੱਖੜ ਤੇ ਹਨੇਰੀ ਨੇ ਕਣਕ ਦੀ ਫ਼ਸਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ | ਅੱਗ ਲੱਗਣ ਕਾਰਨ ਸੈਂਕੜੇ ਏਕੜ ਕਣਕ ਦੀ ਫ਼ਸਲ ਸੜ ਕੇ ਸਵਾਹ ਹੋ ਗਈ ਹੈ ਤੇ ਹਰ ਵੇਲੇ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਹੁਣ ਜੋ ਕਣਕ ਦੀ ਫ਼ਸਲ ਪੱਕ ਕੇ ਮੰਡੀਆਂ ਵਿੱਚ ਆ ਰਹੀ ਹੈ ਉਸ ਦੀ ਖ਼ਰੀਦ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਦਾਣਾ ਮੰਡੀਆਂ ਅੰਦਰ ਕਣਕ ਤੇਜ਼ੀ ਨਾਲ ਆ ਰਹੀ ਹੈ, ਪਰ ਕੇਂਦਰ ਸਰਕਾਰ ਵਲੋਂ ਖ਼ਰੀਦ 'ਤੇ ਲਗਾਈਆਂ ਸਖ਼ਤ ਸ਼ਰਤਾਂ ਕਾਰਨ ਖ਼ਰੀਦ ਏਜੰਸੀਆਂ ਕਣਕ ਖ਼ਰੀਦਣ ਤੋ ਆਨਾਕਾਨੀ ਕਰ ਰਹੀਆਂ ਹਨ | ਜਿਸ ਸਬੰਧੀ ਪੰਜਾਬ ਸਰਕਾਰ ਨੇ ਵੀ ਚੁੱਪ ਧਾਰੀ ਹੋਈ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਕੇਂਦਰ ਤੇ ਰਾਜ ਸਰਕਾਰਾਂ ਫ਼ਸਲਾਂ ਦੀ ਖ਼ਰੀਦ ਤੇ ਸਖ਼ਤ ਸ਼ਰਤਾਂ ਮੁੜ ਕੇ ਖ਼ਰੀਦ ਤੋਂ ਭੱਜਣ ਲਈ ਕਈ ਸਾਲਾਂ ਤੋਂ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕ ਜਥੇਬੰਦੀਆਂ ਦੇ ਸੰਘਰਸ਼ ਕਾਰਨ ਹਾਲੇ ਤੱਕ ਸਰਕਾਰੀ ਖ਼ਰੀਦ ਜਾਰੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਕਣਕ ਦੇ ਦਾਣੇ ਡੈਮੇਜ ਜਾਂ ਡਿਸਕਲਰ ਹੋਏ ਹਨ, ਉਨ੍ਹਾਂ ਤੇ ਸ਼ਰਤਾਂ ਖ਼ਤਮ ਜਾਂ ਨਰਮ ਕਰਕੇ ਕਿਸਾਨਾਂ ਨੂੰ ਰਾਹਤ ਤਾਂ ਕੀ ਦੇਣੀ ਸੀ ਜੋ ਹੁਣ ਫ਼ਸਲ ਮੰਡੀ ਵਿੱਚ ਆਈ ਹੈ ਉਸ ਨੂੰ ਵੀ ਨਾ ਖ਼ਰੀਦ ਕੇ ਕਿਸਾਨਾਂ ਨੂੰ 10 ਦਿਨਾਂ ਤੋਂ ਵੱਧ ਸਮੇਂ ਤੋਂ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ ਤੇ ਕਿਸਾਨਾਂ ਤੋਂ ਹੱਥ ਖੜੇ ਕਰਾ ਕੇ ਜ਼ਮੀਨਾਂ ਖੋਹਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਖ਼ਰੀਦ ਤੇ ਲਗਾਈਆਂ ਬੇਲੋੜੀਆਂ ਸ਼ਰਤਾਂ ਖ਼ਤਮ ਕਰਕੇ ਤੁਰੰਤ ਸਾਰੀ ਕਣਕ ਦੀ ਖ਼ਰੀਦ ਪੂਰੇ ਸਰਕਾਰੀ ਭਾਅ ਤੇ ਕੀਤੀ ਜਾਵੇ | ਇਸ ਮੌਕੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਸਰਬਜੀਤ ਸਿੰਘ ਭੁਰਥਲਾ, ਕਿਸਾਨ ਆਗੂ ਜਗਤਾਰ ਸਿੰਘ ਰਟੌਲ ਸਰੌਦ, ਰਾਜਿੰਦਰ ਸਿੰਘ ਭੋਗੀਵਾਲ, ਰਾਵਿੰਦਰ ਸਿੰਘ ਕਾਸਾਪੁਰ, ਚਰਨਜੀਤ ਸਿੰਘ ਹਥਨ, ਹਰਿੰਦਰ ਸਿੰਘ ਚੌਂਦਾ, ਨਛੱਤਰ ਸਿੰਘ ਝਨੇਰ, ਰਛਪਾਲ ਸਿੰਘ ਰੜ, ਗੁਰਪ੍ਰੀਤ ਸਿੰਘ ਹਥਨ, ਦਵਿੰਦਰ ਸਿੰਘ ਖਾਨਪੁਰ, ਗੁਰਮੇਲ ਕੌਰ ਸਣੇ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ, ਕਿਸਾਨ ਮਜ਼ਦੂਰ ਹਾਜ਼ਰ ਸਨ |